
53 ਦਿਨਾਂ ਬਾਅਦ ਅਚਾਨਕ ਜੋਤੀ ਜ਼ਿੰਦਾ ਮਿਲੀ ਅਤੇ ਉਹ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ ਸੀ
Trending News : ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੇਹਗਾਂਵ ਦੇ ਰਹਿਣ ਵਾਲੇ ਸੁਨੀਲ ਸ਼ਰਮਾ ਦੀ ਪਤਨੀ ਜੋਤੀ ਸ਼ਰਮਾ 2 ਮਈ ਨੂੰ ਅਚਾਨਕ ਘਰੋਂ ਲਾਪਤਾ ਹੋ ਗਈ ਸੀ। ਪਹਿਲਾਂ ਤਾਂ ਸੁਨੀਲ ਨੇ ਆਪਣੇ ਪੱਧਰ 'ਤੇ ਜੋਤੀ ਦੀ ਭਾਲ ਕੀਤੀ ਪਰ ਜਦੋਂ ਉਸ ਦੀ ਕੋਈ ਖ਼ਬਰ ਨਹੀਂ ਮਿਲੀ ਤਾਂ ਉਸ ਨੇ ਮੇਹਗਾਓਂ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ।
ਦੋ ਦਿਨ ਬਾਅਦ ਜਲੀ ਹੋਈ ਇਕ ਲਾਸ਼ ਮਿਲੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ 'ਚ ਮਿਲੀ ਜਿਸ ਲਾਸ਼ ਨੂੰ ਪਰਿਵਾਰ ਨੇ ਜੋਤੀ ਸ਼ਰਮਾ ਸਮਝ ਕੇ ਅੰਤਿਮ ਸਸਕਾਰ ਕੀਤਾ ਸੀ, ਉਹ ਲਾਸ਼ ਜੋਤੀ ਦੀ ਹੀ ਨਹੀਂ ਸੀ। 53 ਦਿਨਾਂ ਬਾਅਦ ਅਚਾਨਕ ਜੋਤੀ ਜ਼ਿੰਦਾ ਮਿਲੀ ਅਤੇ ਉਹ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ ਸੀ। ਇਹ ਹੈਰਾਨ ਕਰਨ ਵਾਲੀ ਘਟਨਾ ਭਿੰਡ ਦੇ ਮੇਹਗਾਂਵ ਇਲਾਕੇ ਤੋਂ ਸਾਹਮਣੇ ਆਈ ਹੈ।
ਦਰਅਸਲ 'ਚ ਅਜੇ ਦੋ ਦਿਨ ਹੀ ਹੋਏ ਸਨ ਕਿ 4 ਮਈ ਨੂੰ ਇਕ ਔਰਤ ਦੀ ਸੜੀ ਹੋਈ ਲਾਸ਼ ਮੌ ਥਾਣਾ ਖੇਤਰ ਦੇ ਪਿੰਡ ਕਤਰੌਲ ਨੇੜੇ ਇਕ ਖੇਤ ਵਿਚ ਪਈ ਮਿਲੀ। ਸੜੀ ਹੋਈ ਲਾਸ਼ ਦੀ ਸ਼ਨਾਖਤ ਕਰਨ ਲਈ ਜੋਤੀ ਦੇ ਸਹੁਰੇ ਅਤੇ ਪੇਕੇ ਪੱਖ ਦੇ ਲੋਕ ਮੌਕੇ 'ਤੇ ਪਹੁੰਚੇ। ਇੱਥੇ ਜੋਤੀ ਦਾ ਪਤੀ ਸੁਨੀਲ ਸ਼ਰਮਾ ਕਿਸੇ ਹੋਰ ਔਰਤ ਦੀ ਲਾਸ਼ ਦੱਸ ਰਿਹਾ ਸੀ, ਜਦੋਂ ਕਿ ਉਸ ਦੇ ਪੇਕੇ ਪੱਖ ਦੇ ਲੋਕਾਂ ਨੇ ਲਾਸ਼ ਦੀ ਪਛਾਣ ਜੋਤੀ ਵਜੋਂ ਕੀਤੀ।
ਪੇਕੇ ਪੱਖ ਦੀ ਸ਼ਨਾਖਤ ਦੇ ਆਧਾਰ 'ਤੇ ਪੁਲਿਸ ਨੇ ਉਸ ਲਾਸ਼ ਨੂੰ ਜੋਤੀ ਦੀ ਲਾਸ਼ ਮੰਨ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋਤੀ ਦੇ ਪੇਕੇ ਪੱਖ ਦੇ ਲੋਕਾਂ ਨੇ ਸਹੁਰੇ ਪੱਖ 'ਤੇ ਅੰਤਿਮ ਸਸਕਾਰ ਕਰਨ ਲਈ ਦਬਾਅ ਪਾਇਆ। ਅਜਿਹਾ ਨਾ ਕਰਨ ’ਤੇ ਉਨ੍ਹਾਂ ਸੜਕ ਜਾਮ ਕਰਨ ਦੀ ਧਮਕੀ ਵੀ ਦਿੱਤੀ।
ਪੇਕੇ ਪੱਖ ਅਤੇ ਪੁਲਿਸ ਦੇ ਦਬਾਅ ਕਾਰਨ ਪਤੀ ਸੁਨੀਲ ਸ਼ਰਮਾ ਨੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਸਕਾਰ ਕਰ ਦਿੱਤਾ। ਪੁਲਿਸ ਨੇ ਪੇਕੇ ਪੱਖ ਦੇ ਆਰੋਪਾਂ 'ਤੇ ਅਗਲੇਰੀ ਕਾਰਵਾਈ ਕਰਦਿਆਂ ਸੁਨੀਲ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਪਰ ਸੁਨੀਲ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਲਾਸ਼ ਜੋਤੀ ਦੀ ਹੈ।
ਸੁਨੀਲ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਨਹੀਂ ਕੀਤਾ ਅਤੇ ਨਾ ਹੀ ਲਾਸ਼ ਉਸ ਦੀ ਪਤਨੀ ਦੀ ਹੈ। ਦਿਨ ਬੀਤਦੇ ਗਏ ਅਤੇ ਪੁਲਿਸ ਦਾ ਦਬਾਅ ਸੁਨੀਲ ਅਤੇ ਉਸਦੇ ਪਰਿਵਾਰ 'ਤੇ ਵਧਦਾ ਗਿਆ। ਸੁਨੀਲ ਪੁਲਿਸ ਤੋਂ ਬਚ ਕੇ ਆਪਣਾ ਦਿਨ ਬਤੀਤ ਕਰ ਰਿਹਾ ਸੀ, ਜਦੋਂ ਅਚਾਨਕ ਇੱਕ ਦਿਨ ਸੁਨੀਲ ਪੈਸੇ ਕਢਵਾਉਣ ਲਈ ਬੈਂਕ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਜੋਤੀ ਦੇ ਬੈਂਕ ਖਾਤੇ ਵਿੱਚੋਂ 2700 ਰੁਪਏ ਦਾ ਲੈਣ-ਦੇਣ ਹੋਇਆ ਹੈ।
ਖਾਸ ਗੱਲ ਇਹ ਹੈ ਕਿ ਮੱਧ ਪ੍ਰਦੇਸ਼ 'ਚ 'ਲਾਡਲੀ ਬ੍ਰਾਹਮਣ ਯੋਜਨਾ' ਤਹਿਤ ਮਿਲੀ ਰਾਸ਼ੀ ਕਿਓਸਕ ਸੈਂਟਰ 'ਤੇ ਅੰਗੂਠਾ ਲਗਾ ਕੇ ਕਢਵਾਈ ਗਈ ਸੀ। ਸੂਚਨਾ ਮਿਲਣ 'ਤੇ ਪਤਾ ਲੱਗਾ ਕਿ ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਇਕ ਕਿਓਸਕ ਸੈਂਟਰ ਤੋਂ ਪੈਸੇ ਕਢਵਾਏ ਗਏ ਸਨ। ਇਸ ਤੋਂ ਬਾਅਦ ਇਹ ਖ਼ਬਰ ਪੁਲਿਸ ਤੱਕ ਵੀ ਪਹੁੰਚ ਗਈ। ਸੁਨੀਲ ਪੁਲਸ ਦੇ ਨਾਲ ਨੋਇਡਾ ਪਹੁੰਚਿਆ ਤਾਂ ਅਚਾਨਕ ਫੁੱਟਪਾਥ 'ਤੇ ਆਪਣੀ ਟੁੱਟੀ ਚੱਪਲ ਠੀਕ ਕਰਵਾ ਰਹੀ ਜੋਤੀ ਵੀ ਮਿਲ ਗਈ।
ਪੁਲਿਸ ਨੇ ਜੋਤੀ ਨੂੰ ਮੇਹਗਾਓਂ ਲਿਆਂਦਾ, ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੋਤੀ ਨੂੰ ਉਸ ਦੇ ਪੇਕੇ ਪੱਖ ਦੇ ਹਵਾਲੇ ਕਰ ਦਿੱਤਾ ਗਿਆ। ਜੋਤੀ 53 ਦਿਨਾਂ ਬਾਅਦ ਜ਼ਿੰਦਾ ਪਰਤ ਆਈ ਪਰ ਹੁਣ ਪੁਲਿਸ ਦੇ ਸਾਹਮਣੇ ਇੱਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਜਿਸ ਔਰਤ ਦੀ ਲਾਸ਼ ਨੂੰ ਜੋਤੀ ਦੀ ਹੀ ਸਮਝ ਕੇ ਪੋਸਟਮਾਰਟਮ ਤੋਂ ਬਾਅਦ ਸਸਕਾਰ ਕੀਤਾ ਗਿਆ ਸੀ, ਉਹ ਲਾਸ਼ ਕਿਸ ਔਰਤ ਦੀ ਸੀ?