
ਰਾਜ ਸਭਾ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ (ਐੱਸ. ਪੀ.) ਦੇ ਸਾਬਕਾ ਨੇਤਾ ਅਮਰ ਸਿੰਘ ਦਾ ਸਨਿਚਰਵਾਰ ਨੂੰ ਦਿਹਾਂਤ ਹੋ ਗਿਆ।
ਨਵੀਂ ਦਿੱਲੀ/ਸਿੰਗਾਪੁਰ, 1 ਅਗੱਸਤ : ਰਾਜ ਸਭਾ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ (ਐੱਸ. ਪੀ.) ਦੇ ਸਾਬਕਾ ਨੇਤਾ ਅਮਰ ਸਿੰਘ ਦਾ ਸਨਿਚਰਵਾਰ ਨੂੰ ਦਿਹਾਂਤ ਹੋ ਗਿਆ। ਉਹ 64 ਸਾਲਾ ਦੇ ਸਨ। ਉਨ੍ਹਾਂ ਦਾ ਪਿਛਲੇ 6 ਮਹੀਨਿਆਂ ਤੋਂ ਸਿੰਗਾਪੁਰ ਵਿਚ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਅਮਰ ਸਿੰਘ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ। ਦਿਹਾਂਤ ਤੋਂ 2 ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਖ਼ਰੀ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਈਦ ਦੀ ਮੁਬਾਰਕਬਾਦ ਦਿਤੀ ਸੀ।
ਦੱਸ ਦੇਈਏ ਕਿ ਉਤਰ ਪ੍ਰਦੇਸ਼ ਦੇ ਦਿੱਗਜ ਨੇਤਾਵਾਂ 'ਚ ਗਿਣੇ ਜਾਣ ਵਾਲੇ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਰਹੇ ਮੁਲਾਇਮ ਸਿੰਘ ਯਾਦਵ ਦੇ ਕਰੀਬੀਆਂ 'ਚ ਸ਼ਾਮਲ ਸਨ। ਮੁਲਾਇਮ ਸਿੰਘ ਯਾਦਵ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਪ੍ਰਵਾਰ ਨਾਲ ਵੀ ਅਮਰ ਸਿੰਘ ਦੇ ਬੇਹੱਦ ਕਰੀਬੀ ਰਿਸ਼ਤੇ ਰਹੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਰਿਸ਼ਤਿਆਂ 'ਚ ਖਟਾਸ ਜ਼ਰੂਰ ਆਈ ਸੀ। ਇਸ ਸਾਲ ਫ਼ਰਵਰੀ 'ਚ ਅਮਰ ਸਿੰਘ ਨੇ ਇਕ ਵੀਡੀਉ ਜਾਰੀ ਕਰ ਕੇ ਅਮਿਤਾਭ ਬੱਚਨ ਤੋਂ ਮਾਫ਼ੀ ਵੀ ਮੰਗੀ ਸੀ।
ਅਮਰ ਸਿੰਘ ਮੌਜੂਦਾ ਸਮੇਂ ਵਿਚ ਉਤਰ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਸਨ। 5 ਜੁਲਾਈ 2016 ਨੂੰ ਉਨ੍ਹਾਂ ਨੂੰ ਉੱਪਰਲੇ ਸਦਨ ਲਈ ਚੁਣਿਆ ਗਿਆ ਸੀ। ਸਮਾਜਵਾਦੀ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਦੀ ਸਰਗਰਮੀ ਘੱਟ ਹੋ ਗਈ ਸੀ। ਹਾਲਾਂਕਿ ਬੀਮਾਰ ਹੋਣ ਤੋਂ ਪਹਿਲਾਂ ਤਕ ਉਨ੍ਹਾਂ ਦਾ ਰੁਖ ਭਾਜਪਾ ਪਾਰਟੀ ਵਲ ਵੱਧ ਰਿਹਾ ਸੀ। ਉਨ੍ਹਾਂ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ 1996 'ਚ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ ਸੀ। (ਏਜੰਸੀ)
ਅਮਰ ਸਿੰਘ ਨੇ ਰਾਜਨੀਤੀ ਵਿਚ ਕੁਝ ਵੱਡੀਆਂ ਘਟਨਾਵਾਂ ਨੂੰ ਨੇੜਿਓਂ ਦੇਖਿਆ: ਮੋਦੀ
ਨਵੀਂ ਦਿੱਲੀ, 1 ਅਗੱਸਤ: ਰਾਜ ਸਭਾ ਮੈਂਬਰ ਅਮਰ ਸਿੰਘ ਦੇ ਦੇਹਾਂਤ 'ਤੇ ਸ਼ੋਕ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉਨ੍ਹਾਂ ਨੂੰ ਇਕ ਊਰਜਾਵਾਨ ਜਨਤਕ ਸ਼ਖਸੀਅਤ ਕਿਹਾ, ਜਿਨ੍ਹਾਂ ਨੇ ਨੇੜਿਓਂ ਕੁਝ ਵੱਡੀਆਂ ਸਿਆਸੀ ਘਟਨਾਵਾਂ ਨੂੰ ਦੇਖਿਆ ਹੈ। ਮੋਦੀ ਨੇ ਟਵੀਟ ਕੀਤਾ, “''ਅਮਰ ਸਿੰਘ ਜੀ ਇਕ ਊਰਜਾਵਾਨ ਜਨਤਕ ਸ਼ਖਸੀਅਤ ਸਨ। ਪਿਛਲੇ ਕੁਝ ਦਹਾਕਿਆਂ ਵਿਚ, ਉਨ੍ਹਾਂ ਨੇ ਕੁਝ ਵੱਡੀਆਂ ਰਾਜਨੀਤਿਕ ਘਟਨਾਵਾਂ ਨੂੰ ਨੇੜਿਓਂ ਦੇਖਿਆ ਸੀ। ਉਹ ਕਈ ਵਰਗਾਂ ਦੇ ਲੋਕਾਂ ਨਾਲ ਅਪਣੀ ਦੋਸਤੀ ਲਈ ਵੀ ਜਾਣੇ ਜਾਂਦੇ ਸਨ। ਮੈਂ ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ।''
ਰਾਸ਼ਟਰਪਤੀ ਨੇ ਅਮਰ ਸਿੰਘ ਨੂੰ ਬਹੁਪੱਖੀ ਸ਼ਖਸੀਅਤ ਵਜੋਂ ਯਾਦ ਕੀਤਾ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਨਿਚਰਵਾਰ ਨੂੰ ਰਾਜ ਸਭਾ ਮੈਂਬਰ ਅਮਰ ਸਿੰਘ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਿੰਘ ਇਕ ਬਹੁਪੱਖੀ ਸ਼ਖਸੀਅਤ ਅਤੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਸਨ। ਕੋਵਿੰਦ ਨੇ ਇਕ ਟਵੀਟ 'ਚ ਕਿਹਾ, “''ਰਾਜ ਸਭਾ ਮੈਂਬਰ ਅਮਰ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਦੁਖ ਹੋਇਆ। ਬਹੁਪੱਖੀ ਸ਼ਖਸੀਅਤ ਨਾਲ ਭਰਪੂਰ, ਸਿੰਘ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਸਨ।