ਆਸਪਾਸ ਦੇ 9 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ
ਨੂਹ : ਹਰਿਆਣਾ ਦੇ ਨੂਹ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤਣਾਅ ਬਣਿਆ ਰਿਹਾ। ਸਾਵਧਾਨੀ ਦੇ ਤੌਰ 'ਤੇ ਅੱਜ ਵੀ ਇੱਥੇ ਕਰਫਿਊ ਜਾਰੀ ਰਹੇਗਾ। ਸੋਮਵਾਰ ਨੂੰ ਦੰਗੇ ਭੜਕਣ ਤੋਂ ਬਾਅਦ ਨੂਹ 'ਚ ਹਾਲਾਤ ਆਮ ਵਾਂਗ ਨਜ਼ਰ ਆ ਰਹੇ ਹਨ ਪਰ ਨਾਲ ਲੱਗਦੇ ਜ਼ਿਲ੍ਹਿਆਂ 'ਚ ਹਿੰਸਕ ਘਟਨਾਵਾਂ ਵਧ ਗਈਆਂ ਹਨ। ਨੂਹ, ਗੁਰੂਗ੍ਰਾਮ, ਪਲਵਲ ਜ਼ਿਲ੍ਹਿਆਂ ਵਿਚ ਤਣਾਅ ਹੈ।
ਧਾਰਾ 144 ਨੂਹ ਨਾਲ ਲੱਗਦੇ ਗੁਰੂਗ੍ਰਾਮ, ਪਲਵਲ, ਝੱਜਰ, ਫਰੀਦਾਬਾਦ, ਰੇਵਾੜੀ, ਸੋਨੀਪਤ, ਪਾਣੀਪਤ ਅਤੇ ਮਹਿੰਦਰਗੜ੍ਹ ਜ਼ਿਲ੍ਹਿਆਂ ਵਿਚ ਲਾਗੂ ਹੈ। 4 ਜ਼ਿਲ੍ਹਿਆਂ ਵਿਚ ਇੰਟਰਨੈੱਟ ਬੰਦ ਹੈ। ਗੁੜਗਾਓਂ— ਪਲਵਲ 'ਚ ਮੰਗਲਵਾਰ ਦੇਰ ਰਾਤ ਤੱਕ ਕਈ ਥਾਵਾਂ 'ਤੇ ਅੱਗਜ਼ਨੀ ਦੀਆਂ ਘਟਨਾਵਾਂ ਹੋਈਆਂ।
ਇਸ ਤੋਂ ਇਲਾਵਾ ਰੇਵਾੜੀ ਜ਼ਿਲ੍ਹੇ ਦੇ ਧਵਾਨਾ 'ਚ ਇਕ ਭਾਈਚਾਰੇ ਦੀਆਂ ਝੋਪੜੀਆਂ ਨੂੰ ਸਾੜ ਦਿਤਾ ਗਿਆ। ਬਾਵਲ ਕਸਬੇ ਵਿਚ ਕੁਝ ਬਦਮਾਸ਼ਾਂ ਨੇ ਲੁੱਟਮਾਰ ਅਤੇ ਕੁੱਟਮਾਰ ਕੀਤੀ। ਨੂਹ ਸਮੇਤ ਇਨ੍ਹਾਂ ਇਲਾਕਿਆਂ 'ਚ ਨੀਮ ਫੌਜੀ ਬਲਾਂ ਦੀਆਂ 13 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਕਈ ਥਾਵਾਂ 'ਤੇ ਫਲੈਗ ਮਾਰਚ ਵੀ ਕੀਤਾ।
ਹਰਿਆਣਾ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹੁਣ ਤੱਕ ਨੂਹ ਮਾਮਲੇ 'ਚ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅੱਜ ਉਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਆਧਾਰ 'ਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੈਂ ਸਾਰੇ ਨਾਗਰਿਕਾਂ ਨੂੰ ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ।
ਦੂਜੇ ਪਾਸੇ ਦਿੱਲੀ ਅਤੇ ਰਾਜਸਥਾਨ ਦੇ ਭਰਤਪੁਰ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਭਰਤਪੁਰ ਦੀਆਂ 4 ਤਹਿਸੀਲਾਂ ਵਿਚ ਇੰਟਰਨੈੱਟ ਬੰਦ ਕਰ ਦਿਤਾ ਗਿਆ ਹੈ।