
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਲੱਗ ਸਕਿਆ ਪਤਾ
ਪੰਚਕੂਲਾ: ਟਰਾਈਸਿਟੀ ਸ਼ਹਿਰ ਪੰਚਕੂਲਾ ’ਚ ਉਸ ਸਮੇਂ ਭਿਆਨਕ ਅੱਗ ਦਾ ਮੰਜ਼ਰ ਦੇਖਣ ਨੂੰ ਮਿਲਿਆ ਜਦੋਂ ਰੇਹੜੀ ਮਾਰਕਿਟ ’ਚ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂਹ ਰਹੀਆਂ ਸਨ। 2 ਨਹੀਂ 100 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਦੇ ਢੇਰ ’ਚ ਤਬਦੀਲ ਹੋ ਗਈਆਂ।
ਦੇਰ ਰਾਤ ਕਰੀਬ 1.30 ਵਜੇ ਅਚਾਨਕ ਰੇਹੜੀ ਮਾਰਕਿਟ ’ਚ ਅੱਗ ਲੱਗ ਗਈ। ਦੁਕਾਨਦਾਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਕਾਰਨ ਬਾਜ਼ਾਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੁਕਾਨਦਾਰਾਂ ਨੇ ਅੱਗ ਦੀ ਪਰਵਾਹ ਕੀਤੇ ਬਿਨਾਂ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮ ਹਟਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
ਇਸ ਦੇ ਨਾਲ ਹੀ ਰੇਹੜੀ ਮਾਰਕੀਟ ਦੀਆਂ ਜ਼ਿਆਦਾਤਰ ਦੁਕਾਨਾਂ ਅੱਗ ਕਾਰਨ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਸਭ ਤੋਂ ਪਹਿਲਾਂ ਇਹ ਅੱਗ ਮਾਰਕੀਟ ਵਿਚ ਸਥਿਤ ਇਲੈੱਕਟ੍ਰਾਨਿਕ ਦੀ ਦੁਕਾਨ ਵਿਚ ਲੱਗੀ। ਅੱਗ ਨੇ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਸ਼ਾਂਤ ਹੋਣ ਦੀ ਬਜਾਏ ਵਧਦੀ ਹੀ ਜਾ ਰਹੀ ਸੀ। ਜਿਸ ਕਾਰਨ ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ।