
ਪਤੀ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ
ਉੱਤਰ ਪ੍ਰਦੇਸ਼: ਜ਼ਿਲ੍ਹ੍ਹਾ ਰਾਮਪੁਰ ’ਚ ਸੱਤ ਫੇਰੇ ਲੈ ਕੇ ਸਹੁਰੇ ਘਰ ਪਹੁੰਚੀ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਲੜਕੀ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮੌਤ ਦਾ ਦੋਸ਼ੀ ਠਹਿਰਾਉਂਦਿਆ ਕਿਹਾ ਕਿ ਦਹੇਜ ਕਾਰਨ ਲੜਕੇ ਦੇ ਪਰਿਵਾਰ ਨੇ ਰਾਜੇਸ਼ਵਰੀ ਦਾ ਕਤਲ ਕੀਤਾ। ਪੁਲਿਸ ਨੇ ਪਤੀ ਸਮੇਤ ਤਿੰਨ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਘਟਨਾ ਇਲਾਕੇ ਦੇ ਪਿੰਡ ਗਹਿਲੂਆ ਦੀ ਹੈ। ਜਿੱਥੋਂ ਦੇ ਰਹਿਣ ਵਾਲੇ ਰਵੀ ਗੰਗਵਾਰ ਦਾ ਵਿਆਹ ਵੀਰਵਾਰ ਸ਼ਾਮ ਕਰੀਬ 4 ਵਜੇ ਇਲਾਕੇ ਦੇ ਪਜਾਵਾ ਗਦਈਆ ਦੀ ਰਹਿਣ ਵਾਲੀ ਰਾਜੇਸ਼ਵਰੀ ਨਾਲ ਪ੍ਰਾਚੀਨ ਸ਼ਿਵ ਮੰਦਰ ਕੰਪਲੈਕਸ 'ਚ ਹੋਇਆ।
ਵਿਆਹ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪੋ-ਆਪਣੇ ਘਰ ਚਲੇ ਗਏ। ਜਿਵੇਂ ਹੀ ਨਵੀਂ ਵਹੁਟੀ ਆਪਣੇ ਸਹੁਰੇ ਘਰ ਪਹੁੰਚੀ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਰਾਜੇਸ਼ਵਰੀ ਦੀ ਮੌਤ ਦੀ ਸੂਚਨਾ ਉਸ ਦੇ ਪਤੀ ਰਵੀ ਗੰਗਵਾਰ ਨੇ ਮ੍ਰਿਤਕਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਦਿੱਤੀ। ਮ੍ਰਿਤਕ ਰਾਜੇਸ਼ਵਰੀ ਦੇ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਰਵੀ ਸਮੇਤ ਉਸ ਦੇ ਪਰਿਵਾਰ 'ਤੇ ਰਾਜੇਸ਼ਵਰੀ ਦੇ ਕਤਲ ਦਾ ਦੋਸ਼ ਲਾਉਂਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਰਾਜੇਸ਼ਵਰੀ ਦੀ ਲਾਸ਼ ਅਤੇ ਰਵੀ ਗੰਗਵਾਰ ਅਤੇ ਉਸ ਦੇ ਪਿਤਾ ਨੂੰ ਥਾਣੇ ਲੈ ਆਈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਸ਼ੱਕ ਦੇ ਆਧਾਰ 'ਤੇ ਥਾਣਾ ਮਿਲਕ ਕੋਤਵਾਲੀ ਦੀ ਪੁਲਿਸ ਨੇ ਪਤੀ ਸਮੇਤ ਤਿੰਨ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਕ ਰਾਜੇਸ਼ਵਰੀ ਰਿਸ਼ਤੇ 'ਚ ਰਵੀ ਦੀ ਭੈਣ ਲੱਗਦੀ ਸੀ। ਦੋਵਾਂ ਵਿਚਕਾਰ ਪ੍ਰੇਮ ਸੰਬੰਧ ਸਨ। ਰਿਸ਼ਤੇਦਾਰ ਦੋਹਾਂ ਦੇ ਵਿਆਹ ਦੇ ਖ਼ਿਲਾਫ਼ ਸਨ। ਜਦੋਂ ਪਰਿਵਾਰ ਨੂੰ ਰਾਜੇਸ਼ਵਰੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਤਾਂ ਦੋਹਾਂ ਦਾ ਵਿਆਹ ਵੀਰਵਾਰ ਨੂੰ ਮੰਦਿਰ 'ਚ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਕਰਵਾ ਦਿੱਤਾ।