
ਬੀਮਾ ਕੰਪਨੀ ਨੇ ਮੁਆਵਜ਼ੇ ਦਾ ਕੀਤਾ ਸੀ ਵਿਰੋਧ
ਠਾਣੇ: ਮਹਾਰਾਸ਼ਟਰ ਦੇ ਠਾਣੇ ਦੇ ਮੋਟਰ ਵਹੀਕਲ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐਮ.ਏ.ਸੀ.ਟੀ.) ਨੇ 2019 ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ 24 ਸਾਲਾ ਵਿਅਕਤੀ ਦੇ ਵਾਰਸਾਂ ਨੂੰ 19.68 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਐਮ.ਏ.ਸੀ.ਟੀ. ਦੇ ਮੈਂਬਰ ਐਚ.ਐਮ. ਭੋਸਲੇ ਨੇ ਇਸ ਮਾਮਲੇ ਵਿੱਚ ਬੀਮਾਕਰਤਾ ਸਮੇਤ ਬਾਕੀ ਜ਼ਿੰਮੇਵਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਟੀਸ਼ਨ ਦਾਇਰ ਕਰਨ ਦੇ ਦਿਨ ਤੋਂ ਅੱਠ ਪ੍ਰਤੀਸ਼ਤ ਦੀ ਦਰ ਨਾਲ ਪਟੀਸ਼ਨਰਾਂ ਨੂੰ ਮੁਆਵਜ਼ੇ ਦੀ ਰਕਮ ਉਪਲਬਧ ਕਰਾਉਣ। ਇਸ ਦੇ ਨਾਲ ਹੀ 30 ਅਗਸਤ ਨੂੰ ਜਾਰੀ ਹੋਏ ਹੁਕਮਾਂ ਅਨੁਸਾਰ ਪਟੀਸ਼ਨਰਾਂ ਨੂੰ ਪਟੀਸ਼ਨ ਦੀ ਲਾਗਤ ਵਜੋਂ 2,000 ਰੁਪਏ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।
ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਵਕੀਲ ਨੇ ਟ੍ਰਿਬਿਊਨਲ ਅੱਗੇ ਪੱਖ ਰੱਖਿਆ ਕਿ ਪੀੜਤ ਅਨਿਲ ਵਿਸ਼ੇ ਇੱਕ ਹੋਟਲ ਵਿੱਚ ਕੁੱਕ ਵਜੋਂ ਕੰਮ ਕਰਦਾ ਸੀ ਅਤੇ 21,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। 19 ਜੁਲਾਈ, 2019 ਦੇ ਦਿਨ ਵਿਸ਼ੇ ਆਪਣੇ ਇੱਕ ਦੋਸਤ ਦੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ, ਜਦੋਂ ਦੂਜੀ ਦਿਸ਼ਾ ਤੋਂ ਆ ਰਹੇ ਇੱਕ ਟੈਂਪੂ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਡਿੱਗ ਕੇ ਜ਼ਖਮੀ ਹੋ ਗਏ ਅਤੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਗਏ।
ਵਿਸ਼ੇ ਦਾ ਪੰਜ ਮੈਂਬਰੀ ਪਰਿਵਾਰ ਪੂਰੀ ਤਰ੍ਹਾਂ ਨਾਲ ਉਸ ਦੀ ਕਮਾਈ 'ਤੇ ਨਿਰਭਰ ਸੀ, ਅਤੇ ਪਰਿਵਾਰ ਨੇ ਟੈਂਪੂ ਮਾਲਕ ਅਤੇ ਬੀਮਾਕਰਤਾ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ। ਟੈਂਪੋ ਮਾਲਕ ਪੇਸ਼ ਨਹੀਂ ਹੋਇਆ ਅਤੇ ਮਾਮਲੇ ਦਾ ਨਿਪਟਾਰਾ ਇੱਕ ਪੱਖੀ ਕਾਰਵਾਈ ਕਰਕੇ ਕੀਤਾ ਗਿਆ, ਹਾਲਾਂਕਿ ਬੀਮਾਕਰਤਾ ਅਦਾਰੇ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟੇਡ ਨੇ ਵੱਖ-ਵੱਖ ਆਧਾਰਾਂ 'ਤੇ ਇਹਨਾਂ ਬੀਮਾ ਦਾਅਵਿਆਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ।