
ਰੇਪ ਮਾਮਲੇ 'ਚ ਲੜਕੀ ਦੀ ਭੂਆ ਵੀ ਆਰੋਪੀ
Kannauj Rape Case : ਉੱਤਰ ਪ੍ਰਦੇਸ਼ ਦੇ ਕਨੌਜ ਨਾਬਾਲਗ ਬਲਾਤਕਾਰ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਰੇਪ ਦੇ ਆਰੋਪੀ ਸਾਬਕਾ ਸਪਾ ਨੇਤਾ ਨਵਾਬ ਸਿੰਘ ਦਾ ਡੀਐਨਏ ਸੈਂਪਲ ਪੀੜਤਾ ਨਾਲ ਮੈਚ ਕਰ ਗਿਆ ਹੈ। ਪੀੜਤ ਲੜਕੀ ਵੱਲੋਂ ਲਾਏ ਆਰੋਪ ਸਹੀ ਸਾਬਤ ਹੋਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਨਵਾਬ ਸਿੰਘ ਯਾਦਵ ਨੂੰ 11 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀੜਤਾ ਦੇ ਦੋਸ਼ਾਂ ਤੋਂ ਬਾਅਦ ਨਵਾਬ ਸਿੰਘ ਦਾ ਡੀਐਨਏ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਹੁਣ ਪਾਜ਼ੇਟਿਵ ਆਈ ਹੈ। ਇਹ ਜਾਣਕਾਰੀ ਐਸਪੀ ਅਮਿਤ ਕੁਮਾਰ ਆਨੰਦ ਨੇ ਦਿੱਤੀ।
ਪੀੜਤਾ ਨੇ ਸਾਰੀ ਘਟਨਾ ਪੁਲਿਸ ਨੂੰ ਦੱਸੀ ਸੀ। ਸਾਬਕਾ ਸਪਾ ਆਗੂ ਨਵਾਬ ਸਿੰਘ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨਵਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਪੀੜਤ ਲੜਕੀ ਦਾ ਮੈਡੀਕਲ ਵੀ ਕਰਵਾਇਆ ਸੀ। ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਬਲਾਤਕਾਰ ਦੀ ਪੁਸ਼ਟੀ ਕੀਤੀ ਸੀ।
ਰੇਪ ਮਾਮਲੇ 'ਚ ਦੂਜੀ ਆਰੋਪੀ ਪੀੜਤਾ ਦੀ ਭੂਆ
ਪੁਲਿਸ ਨੇ ਇਸ ਰੇਪ ਮਾਮਲੇ ਵਿੱਚ ਪੀੜਤਾ ਦੀ ਭੂਆ ਨੂੰ ਵੀ ਮੁਲਜ਼ਮ ਬਣਾਇਆ ਹੈ। ਭੂਆ 'ਤੇ ਆਰੋਪ ਹੈ ਕਿ ਉਹ ਲੜਕੀ ਨੂੰ ਨਵਾਬ ਸਿੰਘ ਕੋਲ ਲੈ ਕੇ ਗਈ ਸੀ। ਜਦੋਂ ਸਪਾ ਨੇਤਾ ਪੀੜਤਾ ਨਾਲ ਦਰਿੰਦਗੀ ਕਰ ਰਿਹਾ ਸੀ ਤਾਂ ਭੂਆ ਕਮਰੇ ਦੇ ਬਾਹਰ ਹੀ ਖੜ੍ਹੀ ਸੀ। ਜਦੋਂ ਪੀੜਤ ਲੜਕੀ ਨੇ ਆਪਣੀ ਭੂਆ ਨੂੰ ਬਚਾਉਣ ਲਈ ਕਿਹਾ ਤਾਂ ਉਹ ਚੁੱਪ ਰਹੀ। ਪੀੜਤਾ ਦੇ ਦੋਸ਼ ਤੋਂ ਬਾਅਦ ਪੁਲਸ ਨੇ ਭੂਆ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।
ਪੀੜਤ ਨੇ ਪੁਲਿਸ ਨੂੰ ਦੱਸਿਆ ਸੀ
ਪੀੜਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਨਵਾਬ ਸਿੰਘ ਯਾਦਵ ਨੇ ਉਸ ਨੂੰ ਤਿਰਵਾ ਦੇ ਮੈਡੀਕਲ ਕਾਲਜ 'ਚ ਨੌਕਰੀ ਦਿਵਾਉਣ ਦਾ ਲਾਲਚ ਦਿੱਤਾ ਸੀ। ਇਸੇ ਝਾਂਸੇ 'ਚ ਆ ਕੇ ਉਹ ਚੌਧਰੀ ਚੰਨਣ ਸਿੰਘ ਕਾਲਜ ਗਈ ਸੀ। ਉਹ ਰਾਤ 11 ਵਜੇ ਕਾਲਜ ਪਹੁੰਚੀ ਸੀ। ਘਟਨਾ ਤੋਂ ਬਾਅਦ ਉਸ ਨੇ ਆਪਣੀ ਭੂਆ ਦਾ ਮੋਬਾਈਲ ਫ਼ੋਨ ਲਿਆ ਅਤੇ ਪੁਲਿਸ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸੀ। ਪੁਲਿਸ ਥੋੜੀ ਦੇਰ ਵਿੱਚ ਹੀ ਉੱਥੇ ਪਹੁੰਚ ਗਈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਨਵਾਬ ਸਿੰਘ ਕਮਰੇ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਨਜ਼ਰ ਆ ਰਿਹਾ ਹੈ।
ਆਰੋਪੀ ਭੂਆ ਪਹਿਲਾਂ ਤੋਂ ਨਵਾਬ ਸਿੰਘ ਨੂੰ ਜਾਣਦੀ ਸੀ
ਆਰੋਪੀ ਭੂਆ ਨੇ ਪਹਿਲਾਂ ਤਾਂ ਪੁਲੀਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਰੋਪ ਲਾਇਆ ਕਿ ਸਪਾ ਨੇਤਾ ਨੂੰ ਹੀ ਫਸਾਇਆ ਜਾ ਰਿਹਾ ਹੈ। ਭੂਆ ਕਨੌਜ ਦੇ ਤੀਰਵਾ ਇਲਾਕੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਵਿਆਹ ਕਨੌਜ ਦੇ ਤਾਲਗ੍ਰਾਮ ਇਲਾਕੇ 'ਚ ਹੋਇਆ ਸੀ। ਉਸਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਉਸਦੀ ਇੱਕ ਬੇਟੀ ਅਤੇ ਇੱਕ ਪੁੱਤਰ ਹੈ। ਵਿਆਹ ਦੇ ਕੁਝ ਦਿਨਾਂ ਵਿਚ ਹੀ ਉਸ ਦਾ ਪਤੀ ਨਾਲ ਰਿਸ਼ਤਾ ਖ਼ਰਾਬ ਹੋ ਗਿਆ ਸੀ। ਆਰੋਪੀ ਭੂਆ ਨਵਾਬ ਸਿੰਘ ਨੂੰ ਸੱਤ ਸਾਲਾਂ ਤੋਂ ਜਾਣਦੀ ਸੀ। ਇਸ ਦੇ ਨਾਲ ਹੀ ਇਸ ਪੂਰੇ ਮਾਮਲੇ 'ਚ ਭਾਜਪਾ ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਨਵਾਬ ਸਿੰਘ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਕਰੀਬੀ ਹਨ।
ਦੱਸ ਦੇਈਏ ਕਿ ਹੁਣ ਕਨੌਜ ਪੁਲਿਸ ਨਵਾਬ ਸਿੰਘ ਯਾਦਵ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਇੱਕ ਨਾਬਾਲਗ ਨਾਲ ਬਲਾਤਕਾਰ ਦੇ ਤਹਿਤ ਚਾਰਜਸ਼ੀਟ ਦਾਇਰ ਕਰੇਗੀ। ਐਸਪੀ ਅਮਿਤ ਕੁਮਾਰ ਆਨੰਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਨਏ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਨੌਜ ਰੇਪ ਕਾਂਡ ਦੇ ਮੁੱਖ ਦੋਸ਼ੀ ਨਵਾਬ ਸਿੰਘ ਯਾਦਵ ਦਾ ਡੀਐਨਏ ਸੈਂਪਲ ਮੈਚ ਕਰ ਗਿਆ ਹੈ। ਕਨੌਜ ਪੁਲਿਸ ਨੂੰ ਇਹ ਫੋਰੈਂਸਿਕ ਰਿਪੋਰਟ ਮਿਲੀ ਹੈ, ਜਿਸ ਵਿੱਚ ਨਾਬਾਲਗ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਫਿਲਹਾਲ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।