
ਕੈਬਨਿਟ ਨੇ 2,817 ਕਰੋੜ ਰੁਪਏ ਦੇ ਡਿਜੀਟਲ ਖੇਤੀਬਾੜੀ ਮਿਸ਼ਨ ਅਤੇ ਫਸਲ ਵਿਗਿਆਨ ਲਈ 3,979 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿਤੀ
Union Cabinet Meeting : ਕੇਂਦਰੀ ਕੈਬਨਿਟ ਨੇ ਸੋਮਵਾਰ ਨੂੰ ਖੇਤੀਬਾੜੀ ਖੇਤਰ ਨਾਲ ਜੁੜੇ 7 ਵੱਡੇ ਪ੍ਰੋਗਰਾਮਾਂ ਲਈ ਲਗਭਗ 14,000 ਕਰੋੜ ਰੁਪਏ ਦੀ ਰਕਮ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ’ਚ ਇਕ ਡਿਜੀਟਲ ਖੇਤੀਬਾੜੀ ਮਿਸ਼ਨ ਅਤੇ ਫਸਲ ਵਿਗਿਆਨ ਲਈ ਇਕ ਯੋਜਨਾ ਵੀ ਸ਼ਾਮਲ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਲਿਆ ਗਿਆ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੈਬਨਿਟ ’ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿਤੀ । ਉਨ੍ਹਾਂ ਕਿਹਾ ਕਿ ਕੈਬਨਿਟ ਨੇ 2,817 ਕਰੋੜ ਰੁਪਏ ਦੇ ਡਿਜੀਟਲ ਖੇਤੀਬਾੜੀ ਮਿਸ਼ਨ ਅਤੇ ਫਸਲ ਵਿਗਿਆਨ ਲਈ 3,979 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿਤੀ ਹੈ।
ਉਨ੍ਹਾਂ ਕਿਹਾ ਕਿ ਪਸ਼ੂਧਨ ਦੀ ਟਿਕਾਊ ਸਿਹਤ ਲਈ 1,702 ਕਰੋੜ ਰੁਪਏ ਦੀ ਯੋਜਨਾ ਅਤੇ ਖੇਤੀਬਾੜੀ ਸਿੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 2,291 ਕਰੋੜ ਰੁਪਏ ਦੇ ਪ੍ਰੋਗਰਾਮ ਨੂੰ ਵੀ ਮਨਜ਼ੂਰੀ ਦਿਤੀ ਗਈ ਹੈ।
ਕੈਬਨਿਟ ਨੇ ਬਾਗਬਾਨੀ ਖੇਤਰ ਦੇ ਟਿਕਾਊ ਵਿਕਾਸ ਲਈ 860 ਕਰੋੜ ਰੁਪਏ ਦੀ ਇਕ ਹੋਰ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।
ਵੈਸ਼ਣਵ ਨੇ ਕਿਹਾ ਕਿ ਕੈਬਨਿਟ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਲਈ 1,202 ਕਰੋੜ ਰੁਪਏ ਅਤੇ ਕੁਦਰਤੀ ਸਰੋਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 1,115 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ। ਖੇਤੀਬਾੜੀ ਖੇਤਰ ਨਾਲ ਸਬੰਧਤ ਇਨ੍ਹਾਂ ਸੱਤ ਪ੍ਰੋਗਰਾਮਾਂ ਲਈ ਕੁਲ ਅਲਾਟਮੈਂਟ 13,960 ਕਰੋੜ ਰੁਪਏ ਤੋਂ ਵੱਧ ਹੈ।