
ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਅਤੇ ਮੌਸਮੀ ਨਦੀਆਂ ਅਪਣੇ ਕੈਚਮੈਂਟ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਉਫਾਨ ਉਤੇ ਹਨ
ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਨੂੰ ਸਤਲੁਜ ਦਰਿਆ ’ਚ ਹੜ੍ਹ ਆਉਣ ਦੀ ਸੰਭਾਵਨਾ ਨੂੰ ਲੈ ਕੇ ਚੇਤਾਵਨੀ ਦਿਤੀ ਹੈ ਕਿਉਂਕਿ ਉੱਤਰੀ ਸੂਬਿਆਂ ’ਚ ਲਗਾਤਾਰ ਮੀਂਹ ਪੈਣ ਕਾਰਨ ਵੱਡੇ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਅਲਰਟ ਮਨੁੱਖੀ ਆਧਾਰ ਉਤੇ ਵਿਦੇਸ਼ ਮੰਤਰਾਲੇ ਰਾਹੀਂ ਇਸਲਾਮਾਬਾਦ ਭੇਜਿਆ ਗਿਆ ਸੀ।
ਭਾਰਤ ਨੇ ਪਿਛਲੇ ਹਫਤੇ ਤਵੀ ਨਦੀ ਵਿਚ ਸੰਭਾਵਤ ਹੜ੍ਹਾਂ ਲਈ ਪਾਕਿਸਤਾਨ ਨੂੰ ਤਿੰਨ ਚੇਤਾਵਨੀਆਂ ਜਾਰੀ ਕੀਤੀਆਂ ਸਨ। ਸੂਤਰਾਂ ਨੇ ਦਸਿਆ ਕਿ ਮੰਗਲਵਾਰ ਨੂੰ ਜਾਰੀ ਕੀਤੀ ਗਈ ਚੇਤਾਵਨੀ ਸਤਲੁਜ ਦਰਿਆ ’ਚ ਬੁਧਵਾਰ ਨੂੰ ਸੰਭਾਵਤ ਹੜ੍ਹਾਂ ਲਈ ਸੀ। ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਅਤੇ ਮੌਸਮੀ ਨਦੀਆਂ ਅਪਣੇ ਕੈਚਮੈਂਟ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਉਫਾਨ ਉਤੇ ਹਨ।
ਭਾਰਤ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ’ਚ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨਾਲ ਹਾਈਡ੍ਰੋਲੋਜੀਕਲ ਡਾਟਾ ਦੇ ਨਿਯਮਤ ਅਦਾਨ-ਪ੍ਰਦਾਨ ਨੂੰ ਮੁਅੱਤਲ ਕਰ ਦਿਤਾ ਸੀ।
ਸੂਤਰਾਂ ਨੇ ਦਸਿਆ ਕਿ ਮੁਅੱਤਲੀ ਦੇ ਬਾਵਜੂਦ ਤਾਜ਼ਾ ਹੜ੍ਹ ਦੀ ਚਿਤਾਵਨੀ ਪੂਰੀ ਤਰ੍ਹਾਂ ਮਨੁੱਖੀ ਆਧਾਰ ਉਤੇ ਪਾਕਿਸਤਾਨ ਨੂੰ ਦਿਤੀ ਗਈ ਸੀ ਤਾਂ ਜੋ ਜਾਨ-ਮਾਲ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਸਿੰਧੂ ਜਲ ਸਮਝੌਤੇ ਉਤੇ 1960 ’ਚ ਹਸਤਾਖਰ ਕੀਤੇ ਗਏ ਸਨ ਅਤੇ ਵਿਸ਼ਵ ਬੈਂਕ ਦੀ ਦਖਲਅੰਦਾਜ਼ੀ ’ਚ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਦਰਿਆਈ ਪਾਣੀਆਂ ਦੀ ਵੰਡ ਨੂੰ ਨਿਯੰਤਰਿਤ ਕੀਤਾ ਜਾਂਦਾ ਰਿਹਾ ਹੈ।