
1998 ਬੈਚ ਦੇ ਅਧਿਕਾਰੀ ਮਿੱਤਲ ਇਸ ਸਮੇਂ ਪ੍ਰਧਾਨ ਮੰਤਰੀ ਦਫ਼ਤਰ ’ਚ ਵਧੀਕ ਸਕੱਤਰ ਦੇ ਤੌਰ ਉਤੇ ਸੇਵਾ ਨਿਭਾ ਰਹੇ
ਨਵੀਂ ਦਿੱਲੀ : ਉੱਘੇ ਡਿਪਲੋਮੈਟ ਦੀਪਕ ਮਿੱਤਲ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ ਭਾਰਤ ਦਾ ਅਗਲਾ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ ਦੇ 1998 ਬੈਚ ਦੇ ਅਧਿਕਾਰੀ ਮਿੱਤਲ ਇਸ ਸਮੇਂ ਪ੍ਰਧਾਨ ਮੰਤਰੀ ਦਫ਼ਤਰ ’ਚ ਵਧੀਕ ਸਕੱਤਰ ਦੇ ਤੌਰ ਉਤੇ ਸੇਵਾ ਨਿਭਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਇਕ ਸੰਖੇਪ ਨੋਟ ’ਚ ਕਿਹਾ ਕਿ ਉਨ੍ਹਾਂ ਦੇ ਜਲਦੀ ਹੀ ਇਹ ਜ਼ਿੰਮੇਵਾਰੀ ਸੰਭਾਲਣ ਦੀ ਉਮੀਦ ਹੈ।
ਮਿੱਤਲ ਨੇ ਇਸ ਤੋਂ ਪਹਿਲਾਂ 2020 ਤੋਂ 2022 ਤਕ ਕਤਰ ਵਿਚ ਭਾਰਤ ਦੇ ਸਫ਼ੀਰ ਵਜੋਂ ਸੇਵਾ ਨਿਭਾਈ ਸੀ। ਦੋਹਾ ਵਿਚ ਅਪਣੇ ਕਾਰਜਕਾਲ ਦੌਰਾਨ, ਨਵੀਂ ਦਿੱਲੀ ਨੇ ਅਗੱਸਤ 2021 ਵਿਚ ਕਾਬੁਲ ਵਿਚ ਸੱਤਾ ਉਤੇ ਕਬਜ਼ਾ ਕਰਨ ਦੇ ਕੁੱਝ ਹਫ਼ਤਿਆਂ ਬਾਅਦ ਤਾਲਿਬਾਨ ਨਾਲ ਪਹਿਲਾ ਕੂਟਨੀਤਕ ਸੰਪਰਕ ਸਥਾਪਤ ਕੀਤਾ।
ਉਨ੍ਹਾਂ ਦੀ ਨਿਯੁਕਤੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨਾਲ ਭਾਰਤ ਦੇ ਸਬੰਧਾਂ ਵਿਚ ਮਹੱਤਵਪੂਰਨ ਉਛਾਲ ਦੇ ਵਿਚਕਾਰ ਹੋਈ ਹੈ ਜਦੋਂ ਦੋਹਾਂ ਦੇਸ਼ਾਂ ਨੇ 2022 ਵਿਚ ਇਕ ਅਭਿਲਾਸ਼ੀ ਵਿਆਪਕ ਆਰਥਕ ਭਾਈਵਾਲੀ ਸਮਝੌਤੇ ਉਤੇ ਦਸਤਖਤ ਕੀਤੇ ਸਨ। ਅਗੱਸਤ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਅਰਬ ਅਮੀਰਾਤ ਦੀ ਇਤਿਹਾਸਕ ਯਾਤਰਾ ਤੋਂ ਬਾਅਦ, ਦੋਹਾਂ ਦੇਸ਼ਾਂ ਦਰਮਿਆਨ ਦੁਵਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਤਕ ਵਧਾਇਆ ਗਿਆ ਸੀ।