- ਸੂਚਨਾ ਦੇਣ ਦੇ ਬਦਲੇ ਟੈਰਰ ਫੰਡਿੰਗ ਦੇ ਦੋਸ਼ੀ ਤੋਂ ਲਈ ਰਿਸ਼ਵਤ
- ਸਬੂਤ ਨਸ਼ਟ ਕਰਨ ਦੀ ਵੀ ਕੀਤੀ ਕੋਸ਼ਿਸ਼
- ਔਰਤਾਂ ਨੂੰ ਬਲੈਕਮੇਲ ਕਰ ਜਿਨਸੀ ਸੋਸ਼ਣ ਦੇ ਵੀ ਇਲਜ਼ਾਮ
ਸ੍ਰੀਨਗਰ - ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਸ਼ੇਖ ਆਦਿਲ ਮੁਸ਼ਤਾਕ ਨੂੰ ਪਿਛਲੇ ਮਹੀਨੇ ਅਤਿਵਾਦੀਆਂ ਨਾਲ ਸਬੰਧ ਹੋਣ ਦੇ ਚੱਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਆਦਿਲ ਮੁਸ਼ਤਾਕ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਆਦਿਲ ਮੁਸ਼ਤਾਕ ਨੇ ਅਤਿਵਾਦੀਆਂ ਦੀ ਮਦਦ ਕੀਤੀ ਸੀ ਅਤੇ ਇਸ ਤੋਂ ਬਾਅਦ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇੰਨਾ ਹੀ ਨਹੀਂ ਉਸ ਨੇ ਟੈਰਰ ਫੰਡਿੰਗ ਦੇ ਦੋਸ਼ੀ ਇਕ ਅਤਿਵਾਦੀ ਤੋਂ ਸੂਚਨਾ ਦੇਣ ਦੇ ਬਦਲੇ ਰਿਸ਼ਵਤ ਵੀ ਲਈ ਸੀ। ਇਸ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਮੁਅੱਤਲ ਕਰ ਦਿੱਤਾ ਗਿਆ। ਡੀਐਸਪੀ ਸ਼ੇਖ ਆਦਿਲ ਮੁਸ਼ਤਾਕ ਨੂੰ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦਾਂ ਉਮਰ ਆਦਿਲ ਡਾਰ ਅਤੇ ਮੁਜ਼ੱਮਿਲ ਜ਼ਹੂਰ ਖ਼ਿਲਾਫ਼ ਜਾਂਚ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਕੋਲੋਂ ਦਹਿਸ਼ਤੀ ਫੰਡ ਵਿਚੋਂ ਇਕੱਠੇ ਕੀਤੇ 32 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਜਦੋਂ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਆਦਿਲ ਸ਼ੇਖ ਨੇ ਇਕ ਦੋਸ਼ੀ ਨੂੰ ਬਚਾਉਣ ਲਈ 2.7 ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਸ਼ੁਰੂ ਵਿਚ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸ਼ੇਖ ਆਦਿਲ ਮੁਸ਼ਤਾਕ 'ਤੇ ਸੀ। ਇੰਨਾ ਹੀ ਨਹੀਂ ਜਦੋਂ ਆਦਿਲ ਮੁਸ਼ਤਾਕ ਖਿਲਾਫ਼ ਜਾਂਚ ਸ਼ੁਰੂ ਹੋਈ ਤਾਂ ਇਕ ਤੋਂ ਬਾਅਦ ਇਕ ਕਈ ਖੁਲਾਸੇ ਹੋਏ। ਉਸ ਨੇ ਕਈ ਲੋਕਾਂ ਨੂੰ ਬਲੈਕਮੇਲ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਾਇਮ ਰੱਖਣ ਦੇ ਨਾਂ ’ਤੇ ਕੁਝ ਲੋਕਾਂ ਤੋਂ ਮੋਟੀ ਰਕਮ ਵੀ ਹੜੱਪ ਲਈ ਸੀ।
ਆਦਿਲ ਆਪਣੀ ਲਗਜ਼ਰੀ ਜੀਵਨ ਸ਼ੈਲੀ ਲਈ ਭ੍ਰਿਸ਼ਟਾਚਾਰ ਨੂੰ ਅੰਜਾਮ ਦੇ ਰਿਹਾ ਸੀ। ਆਦਿਲ ਮੁਸ਼ਤਾਕ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਸੀ ਅਤੇ ਟਵਿੱਟਰ 'ਤੇ 44,700 ਫਾਲੋਅਰਜ਼ ਹਨ। ਦੱਸ ਦਈਏ ਕਿ ਪਿਛਲੇ ਤਿੰਨ ਸਾਲਾਂ ਵਿਚ ਇਹ ਦੂਜਾ ਮਾਮਲਾ ਹੈ, ਜਦੋਂ ਜੰਮੂ-ਕਸ਼ਮੀਰ ਪੁਲਿਸ ਦੇ ਕਿਸੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡੀਐਸਪੀ ਦਵਿੰਦਰ ਸਿੰਘ ਨੂੰ 2020 ਵਿਚ ਅਤਿਵਾਦੀਆਂ ਦੀ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਜਾਂਚ ਅੱਗੇ ਵਧੀ ਅਤੇ ਹੋਰ ਸਬੂਤ ਮਿਲੇ ਤਾਂ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ।
ਸ਼ੇਖ ਆਦਿਲ ਮੁਸ਼ਤਾਕ 'ਤੇ ਕਈ ਔਰਤਾਂ ਨੂੰ ਬਲੈਕਮੇਲ ਕਰਕੇ ਜਿਨਸੀ ਸ਼ੋਸ਼ਣ ਕਰਨ ਦਾ ਵੀ ਦੋਸ਼ ਹੈ। 21 ਸਤੰਬਰ ਨੂੰ ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹ ਕੰਧ ਟੱਪ ਕੇ ਭੱਜਣ ਲੱਗਾ। ਇੰਨਾ ਹੀ ਨਹੀਂ, ਉਸ ਨੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਫੋਨ ਨੂੰ ਫਾਰਮੈਟ ਵੀ ਕਰ ਲਿਆ ਸੀ। ਹਾਲਾਂਕਿ ਪੁਲਿਸ ਨੇ ਆਪਣੀ ਜਾਂਚ 'ਚ ਕਈ ਵੀਡੀਓ ਬਰਾਮਦ ਕੀਤੇ ਹਨ, ਜੋ ਉਸ ਦੀਆਂ ਕਰਤੂਤਾਂ ਦਾ ਖੁਲਾਸਾ ਕਰਦੇ ਹਨ। ਉਸ ਨੇ ਅਤਿਵਾਦੀ ਫੰਡਿੰਗ ਦੇ ਦੋਸ਼ੀਆਂ ਦੀ ਜਾਂਚ ਵਿਚ ਮਦਦ ਕੀਤੀ ਸੀ। ਇੰਨਾ ਹੀ ਨਹੀਂ ਉਸ ਨੇ ਅਤਿਵਾਦੀਆਂ ਦੀ ਵਿੱਤ ਪੋਸ਼ਣ ਨਾਲ ਜੁੜੇ ਮੁਜ਼ੱਮਿਲ ਜ਼ਹੂਰ ਦੀ ਵੀ ਮਦਦ ਕੀਤੀ ਸੀ। ਇਸ ਦੇ ਲਈ ਉਸ ਨੇ ਆਪਣੇ ਜੂਨੀਅਰ ਪੁਲਿਸ ਵਾਲਿਆਂ ਨੂੰ ਵੀ ਝੂਠੇ ਬਿਆਨ ਦੇਣ ਲਈ ਤਿਆਰ ਕੀਤਾ ਸੀ।