
ਪੰਜ ਤੋਂ ਛੇ ਸ਼ਰਧਾਲੂ ਬਚ ਗਏ
ਇੰਦੌਰ : ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ’ਚ ਵੀਰਵਾਰ ਨੂੰ ਵਿਜੈਦਸ਼ਮੀ ਉਤੇ ਵਿਸਰਜਨ ਲਈ ਦੇਵੀ ਦੁਰਗਾ ਦੀਆਂ ਮੂਰਤੀਆਂ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਇਕ ਝੀਲ ’ਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 11 ਸ਼ਰਧਾਲੂਆਂ ਦੀ ਮੌਤ ਹੋ ਗਈ। ਇੰਦੌਰ ਰੂਰਲ ਰੇਂਜ ਦੇ ਇੰਸਪੈਕਟਰ ਜਨਰਲ ਅਨੁਰਾਗ ਨੇ ਦਸਿਆ ਕਿ ਇਹ ਹਾਦਸਾ ਪੰਧਾਨਾ ਇਲਾਕੇ ’ਚ ਵਾਪਰਿਆ। ਉਨ੍ਹਾਂ ਨੇ ਦਸਿਆ ਕਿ ਸ਼ਰਧਾਲੂ ਟਰੈਕਟਰ ਉਤੇ ਸਵਾਰ ਹੋ ਰਹੇ ਸਨ, ਜਿਸ ਉਤੇ ਵੱਖ-ਵੱਖ ਪਿੰਡਾਂ ’ਚ ਵਿਸਰਜਨ ਲਈ ਦੁਰਗਾ ਦੀਆਂ ਮੂਰਤੀਆਂ ਲਗਾਈਆਂ ਜਾ ਰਹੀਆਂ ਸਨ।
ਉਨ੍ਹਾਂ ਦਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਹੁਣ ਤਕ ਨੌਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ। ਉਨ੍ਹਾਂ ਦਸਿਆ ਕਿ ਐਸ.ਡੀ.ਆਰ.ਐਫ. ਦੀ ਇਕ ਹੋਰ ਟੀਮ ਮੌਕੇ ਉਤੇ ਭੇਜੀ ਗਈ ਹੈ। ਅਧਿਕਾਰੀ ਨੇ ਦਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਪੰਜ ਤੋਂ ਛੇ ਸ਼ਰਧਾਲੂ ਬਚ ਗਏ ਹਨ।