
ਜੰਮੂ-ਕਸ਼ਮੀਰ ਵਿਖੇ ਭਾਜਪਾ ਉਪ-ਪ੍ਰਧਾਨ 'ਤੇ ਹੋਏ ਅਤਿਵਾਦੀ ਹਮਲੇ 'ਚ ਹਿਜ਼ਬੁਲ ਦੇ ਤਿੰਨ ਸਾਥੀ ਗ੍ਰਿਫ਼ਤਾਰ
ਹਸਪਤਾਲ ਅਤੇ ਬੈਂਕ 'ਚ ਪ੍ਰਾਈਵੇਟ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਓਵਰਗਰਾਊਂਡ ਵਰਕਰਾਂ ਨੇ ਹਮਲੇ ਨੂੰ ਅੰਜਾਮ ਦਿਤਾ
ਨਵੀਂ ਦਿੱਲੀ, 2 ਨਵੰਬਰ: ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ 6 ਅਕਤੂਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਉਪ-ਪ੍ਰਧਾਨ ਦੇ ਘਰ ਹੋਏ ਅਤਿਵਾਦੀ ਹਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਗਾਂਦਰਬਲ ਦੇ ਐੱਸ. ਐੱਸ. ਪੀ. ਨੇ ਸੋਮਵਾਰ ਨੂੰ ਦਸਿਆ ਕਿ ਇਸ ਮਾਮਲੇ 'ਚ ਤਿੰਨ ਅਤਿਵਾਦੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਹਮਲੇ ਨੂੰ ਓਵਰਗਰਾਊਂਡ ਵਰਕਰਾਂ ਨੇ ਅੰਜਾਮ ਦਿਤਾ ਸੀ ਜੋ ਹਸਪਤਾਲ ਅਤੇ ਬੈਂਕ 'ਚ ਪ੍ਰਾਈਵੇਟ ਸਕਿਉਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਦੇ ਸਨ।
ਜ਼ਿਕਰਯੋਗ ਹੈ ਕਿ ਹਮਲੇ ਵਾਲੇ ਦਿਨ ਪੁਲਿਸ ਦੀ ਜਵਾਬੀ ਕਾਰਵਾਈ 'ਚ ਅਤਿਵਾਦੀ ਸ਼ਬੀਰ ਏ. ਸ਼ਾਹ ਮਾਰਿਆ ਗਿਆ ਸੀ, ਜਦਕਿ ਇਕ ਸਿਪਾਹੀ ਮੁਹੰਮਦ ਅਲਤਾਫ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਦਸਣਯੋਗ ਹੈ ਕਿ ਗਾਂਦਰਬਲ ਜ਼ਿਲ੍ਹੇ 'ਚ ਨੁਨਾਰ ਦੇ ਭਾਜਪਾ ਜ਼ਿਲ੍ਹਾ ਉਪ-ਪ੍ਰਧਾਨ ਗੁਲਾਮ ਕਾਦਿਰ 'ਤੇ 6 ਅਕਤੂਬਰ ਨੂੰ ਕੁੱਝ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਸੀ। ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਿਸ ਹਰਕਤ 'ਚ ਆਈ ਅਤੇ ਅਤਿਵਾਦੀ ਹਮਲੇ ਨੂੰ ਨਾਕਾਮ ਕਰ ਦਿਤਾ।
ਐੱਸ.ਐੱਸ.ਪੀ. ਕੇ. ਪੋਸਵਾਲ ਨੇ ਦਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਹਸਪਤਾਲ ਦੇ ਸਕਿਉਰਿਟੀ ਗਾਰਡ ਦੇ ਰੂਪ 'ਚ ਕੰਮ ਕਰ ਰਹੇ ਕੈਸਰ ਅਹਿਮਦ ਸ਼ੇਖ, ਹਿਜ਼ਬੁਲ ਮੁਜਾਹਿਦੀਨ ਦੇ ਸਰਗਰਮ ਮੈਂਬਰ ਦਾ ਪਤਾ ਲੱਗਾ। ਉਸ ਦੇ ਦੋ ਸਾਥੀ ਜੋ ਏਟੀਐੱਮ 'ਚ ਗਾਰਡ ਅਤੇ ਪ੍ਰਾਈਵੇਟ ਸਕਿਉਰਿਟੀ ਗਾਰਡ ਦੇ ਰੂਪ 'ਚ ਕੰਮ ਕਰ ਰਿਹਾ ਸੀ, ਨੂੰ ਗ੍ਰਿਫ਼ਤਾਰ ਕੀਤਾ ਹੈ।
ਕੇ. ਪੋਸਵਾਲ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਅਤਿਵਾਦੀ ਸਾਥੀਆਂ ਨੇ ਨੌਜਵਾਨਾਂ ਨੂੰ ਅਤਿਵਾਦ 'ਚ ਸ਼ਾਮਲ ਕਰਨ ਲਈ ਮੋਬਾਈਲ ਐਪ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ।
ਜਾਂਚ ਤੋਂ ਪਤਾ ਲੱਗਾ ਕਿ ਉਹ ਹਮਲੇ ਦੀ ਯੋਜਨਾ ਬਣਾ ਰਹੇ ਸਨ। ਉਹ ਪਾਕਿ 'ਚ ਅਪਣੇ ਸਾਥੀਆਂ ਦੇ ਸੰਪਰਕ 'ਚ ਸਨ। ਅਸੀਂ 2 ਪਿਸਟਲ, ਮੈਗਜ਼ੀਨ, ਗੋਲਾ-ਬਾਰੂਦ, ਡੇਟੋਨੇਟਰ ਅਤੇ ਪਾਕਿਸਤਾਨੀ ਝੰਡਾ ਬਰਾਮਦ ਕੀਤਾ ਹੈ।
ਪੁਲਿਸ ਨੇ ਦਸਿਆ ਕਿ ਪੁੱਛਗਿਛ ਦੌਰਾਨ ਕੈਸਰ ਅਹਿਮਦ ਸ਼ੇਖ ਨੇ ਦਸਿਆ ਕਿ ਇਸ ਹਮਲੇ 'ਚ ਉਸ ਦੇ ਦੋ ਸਾਥੀ ਵੀ ਸ਼ਾਮਲ ਸਨ, ਜੋ ਜੰਮੂ-ਕਸ਼ਮੀਰ 'ਚ ਹੀ ਓਵਰਗਰਾਊਂਡ ਵਰਕਰ ਹਨ। (ਏਜੰਸੀ)