
ਮਾਹਿਰਾਂ ਦੀ ਇੱਕ ਟੀਮ 15 ਨਵੰਬਰ ਤੋਂ ਚੰਡੀਗੜ੍ਹ ਦੇ ਪੰਜ ਦਿਨਾਂ ਦੌਰੇ 'ਤੇ ਆ ਰਹੀ ਹੈ।
ਚੰਡੀਗੜ੍ਹ - ਚੰਡੀਗੜ੍ਹ ਪ੍ਰਸ਼ਾਸਨ ਨੂੰ ਵਿਰਾਸਤੀ ਵਸਤੂਆਂ ਦੀ ਪਛਾਣ, ਮੁੜ ਸਥਾਪਨਾ ਅਤੇ ਕਨੂੰਨੀ ਸੁਰੱਖਿਆ ਲਈ ਸਹਾਇਤਾ ਦੇਣ ਦੇ ਮੰਤਵ ਨਾਲ ਫ਼ਰਾਂਸ ਤੋਂ ਮਾਹਿਰਾਂ ਦੀ ਇੱਕ ਟੀਮ 15 ਨਵੰਬਰ ਤੋਂ ਚੰਡੀਗੜ੍ਹ ਦੇ ਪੰਜ ਦਿਨਾਂ ਦੌਰੇ 'ਤੇ ਆ ਰਹੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਫ਼ਰਾਂਸ ਦੇ ਸੱਭਿਆਚਾਰ ਮੰਤਰਾਲਾ ਦੇ ਅਧਿਕਾਰੀ ਅਤੇ ਫਾਊਂਡੇਸ਼ਨ ਲੇ ਕਾਰਬੁਜ਼ੀਅਰ, ਪੈਰਿਸ ਦੇ ਮਾਹਿਰਾਂ ਦੀ ਸ਼ਮੂਲੀਅਤ ਵਾਲੀ ਛੇ ਮੈਂਬਰੀ ਟੀਮ ਪਹਿਲੀ ਵਾਰ ਸ਼ਹਿਰ ਦਾ ਦੌਰਾ ਕਰੇਗੀ, ਤਾਂ ਜੋ ਅਸਲੀ ਵਸਤਾਂ ਤੇ ਪ੍ਰਤੀਕ੍ਰਿਤੀਆਂ ਵਿਚਕਾਰ ਪਛਾਣ ਕਰਨ ਦੇ ਤਰੀਕੇ ਦੇ ਨਾਲ-ਨਾਲ, ਵਿਰਾਸਤੀ ਵਸਤੂਆਂ ਦੀ ਸੰਭਾਲ ਅਤੇ ਮੁੜ ਸਥਾਪਨਾ ਵਿੱਚ ਪ੍ਰਸ਼ਾਸਨ ਨੂੰ ਮਦਦ ਮਿਲ ਸਕੇ।
ਅਧਿਕਾਰੀ ਨੇ ਕਿਹਾ ਕਿ ਟੀਮ ਦੇ ਮੈਂਬਰ ਪ੍ਰਸ਼ਾਸਨ ਨੂੰ ਵਿਰਾਸਤੀ ਵਸਤਾਂ ਦੀ ਪ੍ਰਮਾਣਿਕਤਾ ਅਤੇ ਟੈਗਿੰਗ ਸਥਾਪਿਤ ਕਰਨ ਵਿੱਚ ਮਦਦ ਕਰਨਗੇ।
ਟੈਗਿੰਗ ਇੱਕ ਕਿਸਮ ਦਾ ਅਧਿਕਾਰਤ ਪ੍ਰਮਾਣੀਕਰਣ ਪ੍ਰਦਾਨ ਕਰੇਗੀ ਤਾਂ ਜੋ ਵਿਰਾਸਤੀ ਵਸਤੂਆਂ ਦੀ ਦੁਰਵਰਤੋਂ 'ਤੇ ਰੋਕ ਲਗਾਈ ਜਾ ਸਕੇ। ਫ਼ਰਾਂਸੀਸੀ ਮਾਹਿਰ ਵਿਰਾਸਤੀ ਵਸਤੂਆਂ ਦੀ ਸੰਭਾਲ ਤੇ ਪੁਨਰ ਸਥਾਪਨਾ, ਅਤੇ ਵਿਰਾਸਤੀ ਫ਼ਰਨੀਚਰ ਦੀ ਕਨੂੰਨੀ ਸੁਰੱਖਿਆ ਲਈ ਅਪਣਾਏ ਜਾਣ ਵਾਲੇ ਦਿਸ਼ਾ-ਨਿਰਦੇਸ਼ ਜਾਂ ਪ੍ਰਕਿਰਿਆ ਵੀ ਜਾਣਕਾਰੀ ਪ੍ਰਦਾਨ ਕਰਨਗੇ।
ਇਸ ਤੋਂ ਪਹਿਲਾਂ, ਫ਼ਰਾਂਸ ਦੀ ਟੀਮ ਨੇ ਵਿਰਾਸਤੀ ਵਸਤੂਆਂ ਦੀ ਸੁਰੱਖਿਆ ਬਾਰੇ ਵਿਚਾਰ-ਵਟਾਂਦਰੇ ਲਈ 2020 ਵਿੱਚ ਚੰਡੀਗੜ੍ਹ ਦਾ ਦੌਰਾ ਕਰਨਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਹ ਯਾਤਰਾ ਸੰਭਵ ਨਹੀਂ ਹੋ ਸਕੀ।
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨਾਲ ਹਾਲ ਹੀ ਵਿੱਚ ਹੋਈ ਇੱਕ ਬੈਠਕ ਵਿੱਚ, ਭਾਰਤ ਵਿੱਚ ਫ਼ਰਾਂਸ ਦੇ ਰਾਜਦੂਤ ਇਮੈਨੁਅਲ ਲਿਨੇਨ ਨੇ ਕਿਹਾ ਸੀ ਕਿ ਫ਼ਰਾਂਸੀਸੀ ਮਾਹਿਰ ਕੈਪੀਟਲ ਕੰਪਲੈਕਸ ਅਤੇ ਹੋਰ ਮਜ਼ਬੂਤ ਕੰਕਰੀਟ ਇਮਾਰਤਾਂ ਦੀ ਮੁੜ ਬਹਾਲੀ ਅਤੇ ਸੰਭਾਲ ਦੇ ਕੰਮਾਂ ਦੀ ਜਾਂਚ ਕਰਨਗੇ।
'ਸਿਟੀ ਬਿਊਟੀਫ਼ੁਲ' ਵਜੋਂ ਜਾਣਿਆ ਜਾਂਦਾ ਚੰਡੀਗੜ੍ਹ ਫ਼ਰਾਂਸੀਸੀ ਇਮਾਰਤਸਾਜ਼ ਲੇ ਕਾਰਬੁਜ਼ੀਅਰ ਦਾ ਡਿਜ਼ਾਈਨ ਕੀਤਾ ਹੋਇਆ ਹੈ, ਅਤੇ ਫ਼ਰਾਂਸੀਸੀ ਸਲਾਹਕਾਰ ਹੁਣ ਵਿਰਾਸਤੀ ਫ਼ਰਨੀਚਰ ਦੀ ਪਛਾਣ, ਪੁਨਰ ਸਥਾਪਨਾ ਅਤੇ ਕਨੂੰਨੀ ਸੁਰੱਖਿਆ ਦੇ ਨਾਲ-ਨਾਲ ਸ਼ਹਿਰ ਦੀ ਭਵਨ ਨਿਰਮਾਣ ਦੇ ਖੇਤਰ ਨਾਲ ਜੁੜੀ ਵਿਰਾਸਤ ਦੀ ਸੰਭਾਲ ਦੇ ਖੇਤਰ ਵਿੱਚ ਮੁਹਾਰਤ ਪ੍ਰਦਾਨ ਕਰਨਗੇ।
ਪਿਛਲੇ ਇੱਕ ਦਹਾਕੇ ਦੌਰਾਨ, ਮਸ਼ਹੂਰ ਵਿਦੇਸ਼ੀ ਨਿਲਾਮੀ ਘਰਾਂ ਨੇ ਚੰਡੀਗੜ੍ਹ ਦੀਆਂ ਵਿਰਾਸਤੀ ਵਸਤਾਂ ਦੀ ਨਿਲਾਮੀ ਰਾਹੀਂ ਲੱਖਾਂ ਵਿੱਚ ਕਮਾਈ ਕੀਤੀ ਹੈ, ਜਿਸ ਵਿੱਚ ਮੇਜ਼, ਟੀਕ ਸਟੂਲ, ਕੁਰਸੀਆਂ, ਲਾਉਂਜ ਕੁਰਸੀਆਂ, ਬੁੱਕ ਕੇਸ, ਮੈਨਹੋਲ, ਕੌਫ਼ੀ ਟੇਬਲ, ਕਾਰਜਕਾਰੀ ਡੈਸਕ ਸਮੇਤ ਹੋਰ ਵਸਤਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪੈਰਿਸ ਸਥਿਤ ਨਿਲਾਮੀ ਘਰ ਆਰਟਕਿਉਰੀਅਲ (Artcurial) ਨੇ 2010 ਵਿੱਚ ਸ਼ਹਿਰ ਦੇ ਇੱਕ ਮੈਨਹੋਲ ਢੱਕਣ ਨੂੰ 17,851 ਯੂਰੋ (10.87 ਲੱਖ ਰੁਪਏ) ਵਿੱਚ ਨਿਲਾਮ ਕੀਤਾ ਸੀ, ਜਦੋਂ ਕਿ 2007 ਵਿੱਚ, ਨਿਊ ਯਾਰਕ 'ਚ ਕ੍ਰਿਸਟੀ ਜ਼ ਆਕਸ਼ਨ (Christie’s auction) ਵੱਲੋਂ ਕੀਤੀ ਇੱਕ ਨੀਲਾਮੀ 'ਚ ਲੇ ਕਾਰਬੁਜ਼ੀਅਰ ਵੱਲੋਂ ਤਿਆਰ ਕੀਤੇ ਚੰਡੀਗੜ੍ਹ ਦੇ ਮਾਸਟਰ ਪਲਾਨ ਵਾਲੇ ਇੱਕ ਹੋਰ ਮੈਨਹੋਲ ਦੇ ਢੱਕਣ ਦੀ ਕੀਮਤ 21,000 ਡਾਲਰ (8,30,000 ਰੁਪਏ ) ਤੱਕ ਗਈ ਸੀ।
ਇਸੇ ਲੜੀ 'ਚ ਯੂ.ਕੇ. ਵਿੱਚ 28 ਅਕਤੂਬਰ ਨੂੰ ਹੋਈ ਇੱਕ ਨਿਲਾਮੀ ਵਿੱਚ, ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਦੀਆਂ ਕੁਰਸੀਆਂ ਦੀ ਇੱਕ ਜੋੜੀ 6,21,000 ਰੁਪਏ ਵਿੱਚ ਨੀਲਾਮ ਹੋਈ।
ਫ਼ਰਾਂਸੀਸੀ ਇਮਾਰਤਸਾਜ਼ ਲੇ ਕਾਰਬੁਜ਼ੀਅਰ ਤੇ ਉਸ ਦੀ ਟੀਮ ਨੇ 1950 ਤੇ 60 ਦੇ ਦਹਾਕਿਆਂ ਦੌਰਾਨ 12,793 ਵਿਰਾਸਤੀ ਵਸਤਾਂ ਡਿਜ਼ਾਈਨ ਕੀਤੀਆਂ ਸੀ।
ਵਿਰਾਸਤੀ ਵਸਤੂਆਂ ਦੀਆਂ 190 ਵੱਖ-ਵੱਖ ਸ਼੍ਰੇਣੀਆਂ ਵਿੱਚ ਡਰਾਇੰਗਾਂ, ਕੰਧ-ਚਿੱਤਰ, ਮਾਡਲ, ਗਲੀਚੇ, ਕੁਰਸੀਆਂ ਅਤੇ ਮੇਜ਼ ਸ਼ਾਮਲ ਹਨ।