
30 ਸਾਲਾਂ ਬਾਅਦ ਇਕ ਦਿਨ 'ਚ ਪਿਆ ਰਿਕਾਰਡ ਮੀਂਹ
ਚੇਨਈ : ਚੇਨਈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਨੂੰ ਰਿਕਾਰਡ ਬਾਰਸ਼ ਹੋਈ ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ। ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉੱਤਰੀ ਚੇਨਈ 'ਚ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਔਰਤ ਇਮਾਰਤ ਦੇ ਹੇਠਾਂ ਦੱਬਣ ਕਾਰਨ ਆਪਣੀ ਜਾਨ ਗੁਆ ਬੈਠੀ। ਤਾਮਿਲਨਾਡੂ ਸਰਕਾਰ ਨੇ ਬੁੱਧਵਾਰ ਸਵੇਰੇ ਐਲਾਨ ਕੀਤਾ ਕਿ ਚੇਨਈ, ਤਿਰੂਵੱਲੁਰ ਅਤੇ ਰਾਨੀਪੇਟ ਜ਼ਿਲ੍ਹਿਆਂ ਸਮੇਤ 7 ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਪਿਛਲੇ 30 ਸਾਲਾਂ 'ਚ ਪਹਿਲੀ ਵਾਰ 1 ਨਵੰਬਰ ਨੂੰ ਚੇਨਈ 'ਚ ਇੰਨੀ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਪਿਛਲੇ 72 ਸਾਲਾਂ ਵਿੱਚ ਇਹ ਤੀਜੀ ਸਭ ਤੋਂ ਵੱਧ ਬਾਰਿਸ਼ ਹੈ। ਖੇਤਰੀ ਮੌਸਮ ਵਿਭਾਗ ਦੇ ਅਨੁਸਾਰ, ਮੰਗਲਵਾਰ ਸਵੇਰੇ 8:30 ਵਜੇ ਤੱਕ 24 ਘੰਟਿਆਂ ਦੇ ਅੰਦਰ ਚੇਨਈ ਵਿੱਚ 8 ਸੈਂਟੀਮੀਟਰ (80 ਮਿਲੀਮੀਟਰ) ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਚੇਨਈ ਵਿੱਚ 1 ਨਵੰਬਰ 1990 ਨੂੰ 13 ਸੈਂਟੀਮੀਟਰ ਮੀਂਹ ਪਿਆ ਸੀ। ਇਸ ਤੋਂ ਪਹਿਲਾਂ 1964 ਵਿੱਚ ਵੀ ਇਸੇ ਤਰੀਕ ਨੂੰ 11 ਸੈਂਟੀਮੀਟਰ ਮੀਂਹ ਪਿਆ ਸੀ।
ਉੱਤਰ-ਪੂਰਬੀ ਮਾਨਸੂਨ 19 ਅਕਤੂਬਰ ਨੂੰ ਤਾਮਿਲਨਾਡੂ ਦੇ ਤੱਟ 'ਤੇ ਪਹੁੰਚ ਗਿਆ ਅਤੇ 30 ਅਕਤੂਬਰ ਤੱਕ ਪੂਰੇ ਸੂਬੇ ਵਿੱਚ ਫੈਲ ਗਿਆ। ਚੇਨਈ ਮੌਸਮ ਵਿਭਾਗ ਦੇ ਮੁਖੀ ਐਸ ਬਾਲਾਚੰਦਰ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਇਨ੍ਹੀਂ ਦਿਨੀਂ 1 ਸੈਂਟੀਮੀਟਰ ਤੋਂ 9 ਸੈਂਟੀਮੀਟਰ ਤੱਕ ਮੀਂਹ ਪੈ ਰਿਹਾ ਹੈ। ਇਸ ਵਿੱਚ ਕਾਵੇਰੀ ਨਦੀ ਦਾ ਡੈਲਟਾ ਅਤੇ ਤੱਟਵਰਤੀ ਖੇਤਰ ਵੀ ਸ਼ਾਮਲ ਹਨ। ਦੋ ਦਿਨਾਂ ਤੱਕ ਸ਼ਹਿਰ ਵਿੱਚ ਹੋਰ ਮੀਂਹ ਪਵੇਗਾ। ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਹੈ। ਬਾਲਾਚੰਦਰ ਨੇ ਕਿਹਾ ਕਿ ਅਸੀਂ ਇਸ ਸਮੇਂ ਸਰਗਰਮ ਮਾਨਸੂਨ ਦੇਖ ਰਹੇ ਹਾਂ। ਇਸ ਸੀਜ਼ਨ 'ਚ ਕਈ ਬਦਲਾਅ ਹੋਣ ਵਾਲੇ ਹਨ।