
ਦੀਪ ਸਿੱਧੂ ਨੇ ਕਿਹਾ ਜਿੱਥੇ ਪੰਜਾਬ ਦੀ ਜਿੱਤ ਹੋਵੇਗੀ, ਉਥੇ ਇਹ ਮਾਇਨੇ ਨਹੀਂ ਰੱਖਦਾ ਕਿ ਅਗਵਾਈ ਕਿਸ ਨੇ ਕੀਤੀ
ਨਵੀਂ ਦਿੱਲੀ (ਅਰਪਨ ਕੌਰ): ਸ਼ੁਰੂ ਤੋਂ ਹੀ ਕਿਸਾਨੀ ਮੋਰਚੇ ਦਾ ਸਾਥ ਦੇ ਰਹੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਹਰ ਵੇਲੇ ਕਿਸਾਨਾਂ ਤੇ ਪੰਜਾਬੀਆਂ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ। ਨਵੇਂ ਸਾਲ ਦੇ ਆਗਮਨ ਮੌਕੇ ਦਿੱਲੀ ਬਾਰਡਰ ‘ਤੇ ਪਹੁੰਚੇ ਦੀਪ ਸਿੱਧੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਜੋ ਵੀ ਹੋ ਰਿਹਾ ਹੈ ਕਿ ਉਹ ਉਸ ਅਕਾਲ ਪੁਰਖ ਦੀ ਅਗਵਾਈ ਵਿਚ ਹੋ ਰਿਹਾ ਹੈ।
Deep sidhu
ਦੀਪ ਸਿੱਧੂ ਨੇ ਕਿਹਾ ਕਿ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਕਿ ਇਹ ਸੰਘਰਸ਼ ਇੰਨਾ ਵੱਡਾ ਹੋ ਜਾਵੇਗਾ ਤੇ ਅਸੀਂ ਰਾਜਧਾਨੀ ਨੂੰ ਘੇਰ ਕੇ ਬੈਠਾਂਗੇ। ਉਹਨਾਂ ਕਿਹਾ ਫੈਸਲੇ ਲੈਣ ਲਈ ਸਾਨੂੰ ਪ੍ਰਮਾਤਮਾ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ, ਸਾਡੀ ਰਣਨੀਤੀ ਤਿਆਰ ਹੋਣੀ ਚਾਹੀਦੀ ਹੈ ਕਿ ਮੀਟਿੰਗ ਵਿਚ ਕਿਵੇਂ ਗੱਲ ਕਰਨੀ ਹੈ ਅਤੇ ਇਹਨਾਂ ਸਭਨਾਂ ਚੀਜ਼ਾਂ ਵਿਚ ਟੀਮ ਵਰਕ ਵੀ ਹੋਣਾ ਚਾਹੀਦਾ ਹੈ।
Deep sidhu
ਦੀਪ ਸਿੱਧੂ ਨੇ ਦੱਸਿਆ ਕਿ ਸਾਨੂੰ ਸਮੇਂ ਸਮੇਂ ਅਨੁਸਾਰ ਰਣਨੀਤੀ ਬਦਲਣ ਦੀ ਲੋੜ ਪੈ ਸਕਦੀ ਹੈ ਕਿਉਂਕਿ ਅਸੀਂ ਜੰਗ ਦੇ ਮੈਦਾਨ ਵਿਚ ਬੈਠੇ ਹਾਂ। ਉਹਨਾਂ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਬਹੁਤ ਵੱਡੇ ਇਤਿਹਾਸਕ ਵਰਤਾਰੇ ਦੀ ਅਗਵਾਈ ਕਰ ਰਹੇ ਹਾਂ ਤੇ ਮਾਣਮੱਤਾ ਇਤਿਹਾਸ ਉਦੋਂ ਹੀ ਸਿਰਜਿਆ ਜਾਵੇਗਾ, ਜਦੋਂ ਅਸੀਂ ਜੰਗ ਜਿੱਤ ਕੇ ਜਾਵਾਂਗੇ ਇਸ ਲਈ ਸਾਨੂੰ ਜੰਗ ਦੇ ਮਾਹੌਲ ਨੂੰ ਸਮਝਣਾ ਚਾਹੀਦਾ ਹੈ।
Deep sidhu
ਦੀਪ ਸਿੱਧੂ ਦਾ ਕਹਿਣਾ ਹੈ ਕਿ ਉਹ ਲਗਾਤਾਰ ਦਿੱਲੀ ਵਿਚ ਮੋਰਚੇ ਦਾ ਸਾਥ ਦੇ ਰਹੇ ਸੀ ਪਰ ਉਹਨਾਂ ਨੂੰ ਹੁਕਮ ਹੋਇਆ ਸੀ ਕਿ ਉਹ ਸਟੇਜ ਦੇ ਨੇੜੇ ਨਹੀਂ ਆਉਣਗੇ, ਇਸ ਲਈ ਉਹ ਘੱਟ ਦਿਖਾਈ ਦਿੱਤੇ। ਉਹਨਾਂ ਵੱਲੋਂ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਜੇਕਰ ਸਾਡਾ ਮਕਸਦ ਇਹ ਹੈ ਤਾਂ ਏਕਾ ਬਣਿਆ ਰਹੇ ਅਤੇ ਸੰਘਰਸ਼ ਦੀ ਜਿੱਤ ਹੀ ਸਾਡਾ ਮੁੱਖ ਮਕਸਦ ਹੈ।
Deep sidhu
ਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਿੱਤ ਹੀ ਸਾਡਾ ਮਕਸਦ ਹੈ। ਜਿੱਥੇ ਪੰਜਾਬ ਦੀ ਜਿੱਤ ਹੋਵੇਗੀ, ਉਥੇ ਇਹ ਮਾਇਨੇ ਨਹੀਂ ਰੱਖਦਾ ਕਿ ਅਗਵਾਈ ਕਿਸ ਨੇ ਕੀਤੀ। ਅਗਵਾਈ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ ਹੈ। 4 ਜਨਵਰੀ ਨੂੰ ਹੋਣ ਵਾਲੀ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੀ ਮੀਟਿੰਗ ਬਾਰੇ ਗੱਲ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਸਾਡੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ ਤਾਂ ਹੀ ਸਾਡੀ ਜਿੱਤ ਤੈਅ ਹੋਵੇਗੀ।