
Jaipur News: ਗੁੱਸੇ ਵਿਚ ਆਈ ਸੰਗਤ ਨੇ ਥਾਰ ਦੀ ਕੀਤੀ ਭੰਨਤੋੜ
ਜੈਪੁਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਇਸ ਦੌਰਾਨ ਨਗਰ ਕੀਰਤਨ ਵਿਚ ਇਕ ਤੇਜ਼ ਰਫਤਾਰ ਥਾਰ ਜਾ ਵੜੀ। ਇਸ ਹਾਦਸੇ 'ਚ ਇਕ ਔਰਤ ਅਤੇ ਇਕ ਲੜਕੀ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਗੁੱਸੇ 'ਚ ਆਈ ਸੰਗਤ ਨੇ ਥਾਰ ਦੀ ਭੰਨ-ਤੋੜ ਕੀਤੀ। ਮੁਲਜ਼ਮ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਾਬਾਲਗ਼ ਹੈ ਅਤੇ ਪੁਲਿਸ ਮੁਲਾਜ਼ਮ ਦਾ ਲੜਕਾ ਹੈ। ਕਾਰ 'ਤੇ ਵਿਧਾਇਕ ਦਾ ਸਟਿੱਕਰ ਵੀ ਲੱਗਾ ਹੋਇਆ ਹੈ।
ਜਾਣਕਾਰੀ ਅਨੁਸਾਰ ਇਸ ਥਾਰ ਖਿਲਾਫ਼ ਪਹਿਲਾਂ ਹੀ ਓਵਰ ਸਪੀਡਿੰਗ ਦੇ 6 ਚਲਾਨ ਕੀਤੇ ਜਾ ਚੁੱਕੇ ਹਨ। ਘਟਨਾ ਵੀਰਵਾਰ ਰਾਤ ਕਰੀਬ 8.30 ਵਜੇ ਆਦਰਸ਼ ਨਗਰ ਥਾਣਾ ਖੇਤਰ ਦੇ ਰਾਜਪਾਰਕ ਇਲਾਕੇ 'ਚ ਵਾਪਰੀ। ਪੁਲਿਸ ਅਨੁਸਾਰ ਰਾਜਪਾਰਕ ਵਿੱਚ ਪੰਚਵਟੀ ਸਰਕਲ ਨੇੜੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਤੇਜ਼ ਰਫਤਾਰ ਨਾਲ ਆ ਰਹੀ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਾਬਾਲਗ਼ ਡਰਾਈਵਰ ਨੇ ਕਾਰ ਭਜਾ ਦਿੱਤੀ।
ਲੋਕਾਂ ਨਾਲ ਟੱਕਰ ਹੋਣ 'ਤੇ ਵੀ ਡਰਾਈਵਰ ਨੇ ਥਾਰ ਨਹੀਂ ਰੋਕੀ। ਭੀੜ ਨੇ ਕਰੀਬ 100 ਮੀਟਰ ਅੱਗੇ ਥਾਰ ਨੂੰ ਰੋਕ ਲਿਆ। ਜਿਵੇਂ ਹੀ ਥਾਰ ਰੁਕੀ ਤਾਂ ਚਾਰ ਲੜਕੇ ਹੇਠਾਂ ਉਤਰ ਕੇ ਭੱਜਣ ਲੱਗੇ ਤਾਂ ਲੋਕਾਂ ਨੇ ਡਰਾਈਵਰ ਨੂੰ ਫੜ ਲਿਆ। ਹਾਲਾਂਕਿ 3 ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀਆਂ ਨੇ ਨਾਬਾਲਗ਼ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਐਫਆਈਆਰ ਦਰਜ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।