ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ
ਸੁਕਮਾ/ਬੀਜਾਪੁਰ: ਛੱਤੀਸਗੜ੍ਹ ਦੇ ਬਸਤਰ ਇਲਾਕੇ ’ਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਸਨਿਚਰਵਾਰ ਨੂੰ ਦੋ ਵੱਖੋ-ਵੱਖ ਮੁਕਾਬਲਿਆਂ ’ਚ 14 ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸੁਕਮਾ ਜ਼ਿਲ੍ਹੇ ’ਚ 12 ਨਕਸਲੀਆਂ ਨੂੰ ਅਤੇ ਗੁਆਂਢੀ ਬੀਜਾਪੁਰ ਜ਼ਿਲ੍ਹੇ ’ਚ ਦੋ ਹੋਰ ਨਕਸਲੀਆਂ ਨੂੰ ਮਾਰ ਦਿਤਾ। ਉਨ੍ਹਾਂ ਕਿਹਾ ਕਿ ਬੀਜਾਪੁਰ ਅਤੇ ਸੁਕਮਾ ਜ਼ਿਲ੍ਹੇ ਦੇ ਦਖਣੀ ਇਲਾਕਿਆਂ ’ਚ ਹਥਿਆਰਬੰਦ ਮਾਓਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਦੇ ਆਧਾਰ ਉਤੇ ਸੁਰੱਖਿਆ ਬਲਾਂ ਨੇ ਭਾਲ ਮੁਹਿੰਮ ਸ਼ੁਰੂ ਕੀਤੀ ਸੀ।
ਅਧਿਕਾਰੀਆਂ ਨੇ ਕਿਹਾ ਕਿ ਮੁਹਿੰਮ ਹੇਠ ਦਖਣੀ ਬਸਤਰ ਇਲਾਕੇ ’ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਦਲਾਂ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਬੀਜਾਪੁਰ ਜ਼ਿਲ੍ਹੇ ’ਚ ਸਵੇਰੇ ਲਗਭਗ ਪੰਜ ਵਜੇ ਤੋਂ ਅਤੇ ਸੁਕਮਾ ਵਿਚ ਸਵੇਰੇ ਲਗਭਗ ਅੱਠ ਵਜੇ ਤੋਂ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।
ਅਧਿਕਾਰੀਆਂ ਨੇ ਕਿਹਾ ਕਿ ਹੁਣ ਤਕ ਮੁਹਿੰਮ ਦੌਰਾਨ 14 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿਚ ਬੀਜਾਪੁਰ ਜ਼ਿਲ੍ਹੇ ’ਚ ਮਿਲੀਆਂ ਦੋ ਅਤੇ ਸੁਕਮਾ ਜ਼ਿਲ੍ਹੇ ’ਚ ਮਿਲੀਆਂ 12 ਨਕਸਲੀਆਂ ਦੀਆਂ ਲਾਸ਼ਾਂ ਸ਼ਾਮਲ ਹਨ। ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ’ਚ ਏ.ਕੇ. 47, ਇੰਸਾਸ, ਐਸ.ਐਲ.ਆਰ. ਰਾਈਫ਼ਲ ਵਰਗੇ ਹਥਿਆਰ ਬਰਾਮਦ ਕੀਤੇ ਗਏ ਹਨ। ਪਿਛਲੇ ਸਾਲ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 285 ਨਕਸਲੀ ਮਾਰੇ ਗਏ ਸਨ।
