ਕਿਹਾ : ਹਿਮਾਚਲ ਤੋਂ ਪੰਜਾਬ ’ਚ ਸਪਲਾਈ ਹੋ ਰਹੇ ਸਿੰਥੈਟਿਕ ਡਰੱਗਸ ਨੂੰ ਰੋਕਣ ਲਈ ਕੀਤਾ ਧਮਾਕਾ
ਨਾਲਾਗੜ੍ਹ : ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਥਾਣੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਨੇ ਲਈ ਹੈ। ਇਸ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ’ਤੇ ਦਿੱਤੀ ਗਈ ਜਿਸ ਤੋਂ ਬਾਅਦ ਸੂਬਾ ਪੁਲਿਸ ਹਰਕਤ ਵਿਚ ਆ ਗਈ ਹੈ। ਅੱਤਵਾਦੀ ਸੰਗਠਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ’ਚ ਸਪਲਾਈ ਹੋ ਰਹੇ ਸਿੰਥੈਟਿਕ ਡਰੱਗਜ਼ ਨੂੰ ਰੋਕਣ ਲਈ ਇਹ ਧਮਾਕਾ ਕੀਤਾ ਗਿਆ ਹੈ।
ਡੀ.ਜੀ.ਪੀ. ਅਸ਼ੋਕ ਤਿਵਾੜੀ ਨੇ ਐੱਸ.ਪੀ ਬੱਦੀ ਵਿਨੋਦ ਕੁਮਾਰ ਧੀਮਾਨ ਨੂੰ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਅਤੇ ਰਿਪੋਰਟ ਪੁਲਿਸ ਦੇ ਮੁੱਖ ਦਫ਼ਤਰ ਭੇਜਣ ਦੇ ਹੁਕਮ ਦਿੱਤੇ ਹਨ। ਸੂਤਰਾਂ ਅਨੁਸਾਰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ ਹੈ। ਜਿਸ ਵਿੱਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਵੱਲੋਂ ਇਹ ਮੰਨਿਆ ਗਿਆ ਹੈ ਕਿ ਇਹ ਆਈ.ਈ.ਡੀ. ਬਲਾਸਟ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਕੀਤਾ ਗਿਆ ਹੈ ਤਾਂ ਜੋ ਹਿਮਾਚਲ ਵਿੱਚ ਤਿਆਰ ਹੋ ਰਹੇ ਸਿੰਥੈਟਿਕ ਡਰੱਗਸ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ, ਉਸ ਵਿੱਚ ਪ੍ਰਸ਼ਾਸਨ ਦੀ ਮਿਲੀਭੁਗਤ ਹੈ ਅਤੇ ਜੇਕਰ ਜਲਦੀ ਪ੍ਰਸ਼ਾਸਨ ਨੇ ਇਸ 'ਤੇ ਨਕੇਲ ਨਾ ਕਸੀ ਤਾਂ ਅਗਲੇ ਟਾਰਗੇਟ ਪ੍ਰਸ਼ਾਸਨ ਦੇ ਵਾਹਨ ਅਤੇ ਦਫ਼ਤਰ ਹੋਣਗੇ । ਇਸ ਪੋਸਟ ਦੇ ਵਾਇਰਲ ਹੁੰਦੇ ਹੀ ਜਾਂਚ ਲਈ ਨਾਲਾਗੜ੍ਹ ਵਿੱਚ ਐਨ.ਆਈ.ਏੇ. ਅਤੇ ਹੋਰ ਜਾਂਚ ਏਜੰਸੀਆਂ ਨੇ ਡੇਰਾ ਲਾ ਲਿਆ ਹੈ।
ਨਾਲਾਗੜ੍ਹ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਬੀ.ਬੀ.ਐਨ. ਵਿੱਚ ਬਾਹਰੀ ਰਾਜਾਂ ਦੇ ਮਜ਼ਦੂਰਾਂ ਅਤੇ ਉਦਯੋਗਪਤੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਨਾਲਾਗੜ੍ਹ ਥਾਣੇ ਨਾਲ ਜਾਣ ਵਾਲੇ ਰਸਤੇ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਥਾਣੇ ਸਮੇਤ ਅੱਧਾ ਦਰਜਨ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਸੂਚਨਾ ਮਿਲਦੇ ਹੀ ਬੱਦੀ ਤੋਂ ਐੱਸ.ਪੀ ਵਿਨੋਦ ਧੀਮਾਨ, ਡੀਐੱਸਪੀ ਨਾਲਾਗੜ੍ਹ ਸਮੇਤ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਹਨ । ਨਾਲਾਗੜ੍ਹ ਵਿੱਚ ਪਹਿਲਾਂ ਵੀ ਕਈ ਅੱਤਵਾਦੀ ਸੰਗਠਨਾਂ ਨੇ ਧਮਕੀਆਂ ਦਿੱਤੀਆਂ ਹਨ। ਐੱਸ.ਪੀ. ਵਿਨੋਦ ਧੀਮਾਨ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਸੈਂਪਲ ਲਏ ਹਨ, ਉਸ ਦੀ ਰਿਪੋਰਟ ਆਉਣ ਤੋਂ ਬਾਅਦ ਧਮਾਕੇ ਦੇ ਕਾਰਨਾਂ ਬਾਰੇ ਦੱਸਿਆ ਜਾ ਸਕਦਾ ਹੈ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਨਾ ਫੈਲਾਉਣ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਉਸ ਦੀ ਜਾਣਕਾਰੀ ਪੁਲਿਸ ਦਿੱਤੀ ਜਾਵੇ।
