
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਤੋਂ ਇਕ ਦਿਨ ਪਹਿਲਾਂ ਹੁਰੀਅਤ ਕਾਨਫ਼ਰੰਸ ਦੇ ਉਦਾਰਵਾਦੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੂੰ ਨਜ਼ਰਬੰਦ.........
ਸ੍ਰੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਤੋਂ ਇਕ ਦਿਨ ਪਹਿਲਾਂ ਹੁਰੀਅਤ ਕਾਨਫ਼ਰੰਸ ਦੇ ਉਦਾਰਵਾਦੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੂੰ ਨਜ਼ਰਬੰਦ ਕਰ ਦਿਤਾ ਗਿਆ। ਮੋਦੀ ਐਤਵਾਰ ਨੂੰ ਰਾਜ ਦੇ ਸਾਰੇ ਤਿੰਨਾਂ ਖੇਤਰਾਂ ਦਾ ਦੌਰਾਨ ਕਰਨਗੇ। ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਿਣਗੇ। ਪ੍ਰਧਾਨ ਮੰਤਰੀ ਸ੍ਰੀਨਗਰ ਦੀ ਡਲ ਝੀਲ ਵੀ ਵੇਖਣ ਜਾਣਗੇ। ਉਹ ਪੁਲਵਾਮਾ ਦੇ ਅਵੰਤੀਪੋਰਾ ਵਿਚ ਨਵੇਂ ਏਮਜ਼ ਦਾ ਨੀਂਹ ਪੱਥਰ ਰਖਣਗੇ ਤੇ ਨਾਲ ਹੀ ਕਿਸ਼ਤਵਾੜ ਵਿਚ 624 ਮੈਗਾਵਾਟ ਸਮਰੱਥ ਵਾਲੇ ਜਨ ਪ੍ਰਾਜੈਕਟ ਦਾ ਨੀਂਹ ਪੱਥਰ ਰਖਣਗੇ।
ਅਧਿਕਾਰੀਆਂ ਨੇ ਦਸਿਆ ਕਿ ਵੱਖਵਾਦੀਆਂ ਨੇ ਐਤਵਾਰ ਨੂੰ ਬੰਦ ਦਾ ਸੱਦਾ ਦਿਤਾ ਹੈ ਜਿਸ ਕਾਰਨ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਲਈ ਮੀਰਵਾਇਜ਼ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ। ਸ਼ਹਿਰ ਦੇ ਨਿਗੀਨ ਇਲਾਕੇ ਵਿਚ ਪੈਂਦੇ ਉਸ ਦੇ ਘਰ ਦੇ ਬਾਹਰ ਪੁਲਿਸ ਫ਼ੋਰਸ ਤੈਨਾਤ ਕਰ ਦਿਤੀ ਗਈ ਹੈ। ਮੀਰਵਾਇਜ਼ ਨੇ ਟਵਿਟਰ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸਰਕਾਰ ਘਬਰਾ ਗਈ ਹੈ। ਉਨ੍ਹਾਂ ਕਿਹਾ, 'ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਰਾਜ ਪ੍ਰਸ਼ਾਸਨ ਦਾ 'ਪੈਨਿਕ' ਬਟਨ ਦਬ ਗਿਆ ਹੈ। ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ ਗਈ ਹੈ ਅਤੇ ਲਾਲ ਚੌਕ 'ਤੇ ਵੀ ਘੇਰਾਬੰਦੀ ਕੀਤੀ ਗਈ ਹੈ। ਅੱਜ ਸਵੇਰੇ ਮੈਨੂੰ ਨਜ਼ਰਬੰਦ ਕਰ ਦਿਤਾ ਗਿਆ।' (ਏਜੰਸੀ)