
ਕਾਂਗਰਸ ਤੇ ਭਾਜਪਾ ਪਹਿਲਾਂ ਅਪਣੀ ਸੱਤਾ ਵਾਲੇ ਸੂਬਿਆਂ 'ਚ ਕਰਨ 'ਸਸਤੀ ਬਿਜਲੀ' ਦੀ ਸ਼ੁਰੂਆਤ
ਨਵੀਂ ਦਿੱਲੀ : ਦਿੱਲੀ 'ਚ ਚੋਣ-ਬੁਖਾਰ ਅਪਣੀ ਚਰਮ-ਸੀਮਾ 'ਤੇ ਪਹੁੰਚਦਾ ਜਾ ਰਿਹਾ ਹੈ। ਇਸੇ ਦੌਰਾਨ ਸਿਆਸੀ ਦਲਾਂ ਵਲੋਂ ਵੋਟਰਾਂ ਨੂੰ ਵਧੇਰੇ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਉਂਗਲ ਰੱਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਪੰਜ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਸਦਕਾ ਬਾਕੀ ਦਲਾਂ ਮੁਕਾਬਲੇ ਕਾਫ਼ੀ ਮਜ਼ਬੂਤ ਸਥਿਤੀ ਵਿਚ ਹੈ। ਆਮ ਆਦਮੀ ਪਾਰਟੀ ਦੇ ਮਜਬੂਤ ਕਿਲੇ ਨੂੰ ਢਾਹੁਣ ਖ਼ਾਤਰ ਵਿਰੋਧੀਆਂ ਨੂੰ ਹਰ ਛੋਟੇ-ਵੱਡੇ ਮੁੱਦੇ 'ਤੇ ਧਿਆਨ ਕੇਂਦਰਿਤ ਕਰਨਾ ਪੈ ਰਿਹਾ ਹੈ।
Photo
ਇਸ ਵਿਚਾਲੇ ਜਿਹੜਾ ਮੁੱਦਾ ਸਭ ਦਾ ਜ਼ਿਆਦਾ ਧਿਆਨ ਖਿੱਚ ਰਿਹਾ ਹੈ, ਉਹ ਹੈ ਸਸਤੀ ਤੇ ਨਿਰਵਿਘਨ ਬਿਜਲੀ। ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਚ ਦਿਤੀ ਜਾ ਰਹੀ ਸਸਤੀ ਤੇ ਨਿਰਵਿਘਨ ਬਿਜਲੀ ਨੇ ਵਿਰੋਧੀਆਂ ਦਾ ਧਿਆਨ ਵੀ ਖਿੱਚਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਅੰਦਰ ਮਹਿੰਗੀ ਬਿਜਲੀ ਕਾਰਨ ਮੁਖਾਲਫ਼ਿਤ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਦੌਰਾਨ ਸਸਤੀ ਬਿਜਲੀ ਦੇ ਮੁੱਦੇ ਨੂੰ ਛੂਹਣਾ ਪਿਆ ਹੈ। ਇਸੇ ਤਰ੍ਹਾਂ ਭਾਜਪਾ ਵਲੋਂ ਵੀ ਸੱਤਾ 'ਚ ਆਉਣ ਦੀ ਸੂਰਤ 'ਚ ਦਿੱਲੀ ਵਾਸੀਆਂ ਨੂੰ ਪੰਜ ਗੁਣਾਂ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ।
Photo
ਇਸੇ ਦੌਰਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਿਚ ਚੋਣ ਪ੍ਰਚਾਰ ਦੌਰਾਨ ਸਸਤੀ ਬਿਜਲੀ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਨੂੰ ਰਗੜੇ ਲਾਉਣੇ ਸ਼ੁਰੂ ਕਰ ਦਿਤੇ ਹਨ। ਬਿਜਲੀ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਦਿੱਲੀ ਵਿਚ ਪ੍ਰਚਾਰ ਕਰਨਗੇ। ਕਾਂਗਰਸ ਵਲੋਂ ਦਿੱਲੀ ਵਿਚ ਸਸਤੀ ਬਿਜਲੀ ਦੇਣ ਦੇ ਵਾਅਦੇ 'ਤੇ ਤੰਜ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਤੇ ਕਾਂਗਰਸ ਨੂੰ ਪਹਿਲਾਂ ਪੰਜਾਬ ਵਿਚ ਬਿਜਲੀ ਸਸਤੀ ਕਰਨੀ ਚਾਹੀਦੀ ਹੈ।
Photo
ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਜਿਸ ਤਰ੍ਹਾਂ ਦੇ ਵਾਅਦੇ ਦਿੱਲੀ ਵਿਚ ਕੀਤੇ ਜਾ ਰਹੇ ਹਨ, ਉਹੋ ਜਿਹੇ ਵਾਅਦੇ ਪੰਜਾਬ ਅੰਦਰ ਵੀ ਵਾਅਦੇ ਕੀਤੇ ਗਏ ਸਨ ਜੋ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕੈਪਟਨ ਪਹਿਲਾਂ ਪੰਜਾਬ ਅੰਦਰ ਅਪਣੀ ਕਹਿਣੀ ਤੇ ਕਥਨੀ ਵਿਚਲੇ ਫ਼ਰਕ ਨੂੰ ਦਰੁਸਤ ਕਰ ਲੈਣ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਲੋਕਾਂ ਨੂੰ ਦਿੱਲੀ ਵਿਚ ਕੀਤੇ ਜਾ ਰਹੇ ਵਾਅਦਿਆਂ ਦੀ ਤਰਜ਼ 'ਤੇ ਰਾਹਤ ਦੇਣੀ ਚਾਹੀਦੀ ਹੈ।
Photo
ਸਸਤੀ ਬਿਜਲੀ ਦੇ ਮੁੱਦੇ 'ਤੇ ਭਾਜਪਾ ਨੂੰ ਵੀ ਲਪੇਟੇ 'ਚ ਲੈਂਦਿਆਂ ਉਨ੍ਹਾਂ ਕਿਹਾ ਕਿ ਭਾਜਵਾ ਵਲੋਂ ਵੀ ਦਿੱਲੀ ਵਿਚ ਬਿਜਲੀ ਦੇ ਰੇਟਾਂ ਵਿਚ ਪੰਜ ਗੁਣਾਂ ਤੋਂ ਵਧੇਰੇ ਦੀ ਛੋਟ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਪਰ ਜਿਹੜੇ ਸੂਬਿਆਂ ਅੰਦਰ ਉਸ ਦੀਆਂ ਸਰਕਾਰਾਂ ਹਨ, ਉਥੇ ਸਸਤੀ ਬਿਜਲੀ ਕਿਉਂ ਨਹੀਂ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦਿੱਲੀ ਤੋਂ ਪਹਿਲਾਂ ਅਪਣੀ ਸੱਤਾ ਵਾਲੇ ਸਾਰੇ ਸੂਬਿਆਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
Photo
ਇਸੇ ਦੌਰਾਨ ਭਗਵੰਤ ਮਾਨ ਵਲੋਂ ਹਰਪਾਲ ਚੀਮਾ ਦੀ ਹਾਜ਼ਰੀ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੂੰ 'ਆਪ' ਵਿਚ ਸ਼ਾਮਲ ਕੀਤਾ ਗਿਆ। ਰਮੇਸ਼ ਸਿੰਗਲਾ ਅਨੁਸਾਰ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 'ਆਪ' ਵਿਚ ਸ਼ਾਮਲ ਹੋਏ ਹਨ। ਜਾਮੀਆਂ 'ਚ ਹੋਈ ਫਾਇਰਿੰਗ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਚ ਵਿਰੋਧੀ ਧਿਰ ਦੇ ਚੇਲੇ ਸ਼ਰੇਆਮ ਗੋਲੀਆਂ ਚਲਾ ਰਹੇ ਹਨ ਜਦਕਿ ਪੁਲਿਸ ਖੜ੍ਹੀ ਤਮਾਸ਼ਾ ਵੇਖ ਰਹੀ ਹੈ।