
ਕਿਹਾ, ਨੌਕਰੀ ਦੇ ਇਸ਼ਤਿਹਾਰਾਂ ਦੇਣ ਵਾਲੀਆਂ ਕੰਪਨੀਆਂ ਦੀ ਸਾਖ ਤਸਦੀਕ ਕਰੋ
ਨਵੀਂ ਦਿੱਲੀ : ਨੌਜੁਆਨਾਂ ਨੂੰ ਧੋਖਾਧੜੀ ਕਰਨ ਵਾਲਿਆਂ ਤੋਂ ਬਚਾਉਣ ਲਈ ਪ੍ਰੈੱਸ ਕੌਂਸਲ ਆਫ ਇੰਡੀਆ (ਪੀ.ਸੀ.ਆਈ.) ਨੇ ਅਖਬਾਰਾਂ ਨੂੰ ਨੌਕਰੀ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਕੰਪਨੀ ਦੀ ਸਾਖ ਦੀ ਮੁੜ ਜਾਂਚ ਕਰਨ ਲਈ ਕਿਹਾ ਹੈ। ਪੀ.ਸੀ.ਆਈ. ਨੇ ਪ੍ਰਿੰਟ ਮੀਡੀਆ ਨੂੰ ਸਲਾਹ ਦਿਤੀ ਹੈ ਕਿ ਉਹ ਰੁਜ਼ਗਾਰ ਨਾਲ ਜੁੜੇ ਇਸ਼ਤਿਹਾਰ ਪ੍ਰਕਾਸ਼ਿਤ ਕਰਦੇ ਸਮੇਂ ਪੱਤਰਕਾਰੀ ਦੇ ਨਿਯਮਾਂ ਦੀ ਪਾਲਣਾ ਕਰਨ।
ਪੱਤਰਕਾਰੀ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਪੀ.ਸੀ.ਆਈ. ਨੇ ਕਿਹਾ, ‘‘ਪ੍ਰਿੰਟ ਮੀਡੀਆ ਨੂੰ ਨਿੱਜੀ ਕੰਪਨੀਆਂ ਜਾਂ ਸਰਕਾਰੀ ਜਾਂ ਅਰਧ-ਸਰਕਾਰੀ ਯੋਜਨਾਵਾਂ ਜਾਂ ਪ੍ਰੋਗਰਾਮਾਂ ਤਹਿਤ ਰੁਜ਼ਗਾਰ ਇਸ਼ਤਿਹਾਰ ਬੁੱਕ ਕਰਨ ਤੋਂ ਪਹਿਲਾਂ ਕੰਪਨੀ, ਸੰਗਠਨ, ਸੰਸਥਾ, ਵਿਅਕਤੀ ਦੇ ਸਰਟੀਫ਼ੀਕੇਟਾਂ ਦੀ ਤਸਦੀਕ ਕਰਨੀ ਚਾਹੀਦੀ ਹੈ ਤਾਂ ਜੋ ਬੇਰੁਜ਼ਗਾਰ ਨੌਜੁਆਨਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਪ੍ਰਮਾਣਿਕਤਾ ਸਥਾਪਤ ਕਰਨ ਲਈ ਸਹੀ ਤਸਦੀਕ ਕੀਤੀ ਜਾ ਸਕੇ।
ਪੀ.ਸੀ.ਆਈ. ਨੇ ਅਖਬਾਰ ਐਸੋਸੀਏਸ਼ਨਾਂ ਨੂੰ ਗੁਮਰਾਹ ਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਇਕ ਸਹੀ ਇਸ਼ਤਿਹਾਰ ਬੁਕਿੰਗ ਨੀਤੀ ਬਣਾਉਣ ਲਈ ਵੀ ਕਿਹਾ।’’
ਇਸ ਤੋਂ ਪਹਿਲਾਂ ਪੀ.ਸੀ.ਆਈ. ਨੇ ਪ੍ਰਿੰਟ ਮੀਡੀਆ ਨੂੰ ਕਿਹਾ ਸੀ ਕਿ ਉਹ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ’ਤੇ ਅਜਿਹੀ ਕੋਈ ਵੀ ਸਮੱਗਰੀ ਪ੍ਰਕਾਸ਼ਿਤ ਕਰਨ ਤੋਂ ਪਰਹੇਜ਼ ਕਰੇ ਜੋ ਝੂਠੀ ਜਾਂ ਹੇਰਾਫੇਰੀ ਵਾਲੀ ਹੋਵੇ ਜਾਂ ਫਿਰਕੂ ਸਦਭਾਵਨਾ ਜਾਂ ਜਨਤਕ ਵਿਵਸਥਾ ਨੂੰ ਭੰਗ ਕਰਨ ਦੀ ਸੰਭਾਵਨਾ ਰਖਦੀ ਹੋਵੇ।