
Maharashtra News: ਗੁਜਰਾਤ ਜੇਲ ਤੋਂ ਸੱਤ ਦਿਨਾਂ ਦੀ ਪੈਰੋਲ ’ਤੇ ਬਾਹਰ ਆਉਣ ਬਾਅਦ ਹੋ ਗਿਆ ਸੀ ਫ਼ਰਾਰ
Maharashtra News: ਗੋਧਰਾ ਟਰੇਨ ਕਤਲੇਆਮ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਗੌੜੇ ਦੋਸ਼ੀ ਸਲੀਮ ਜ਼ਰਦਾ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ੍ਹ ’ਚ ਚੋਰੀ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਸਲੀਮ ਜ਼ਰਦਾ 17 ਸਤੰਬਰ 2024 ਨੂੰ ਗੁਜਰਾਤ ਜੇਲ ਤੋਂ ਸੱਤ ਦਿਨਾਂ ਦੀ ਪੈਰੋਲ ’ਤੇ ਬਾਹਰ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਦਸਿਆ ਕਿ ਇਸ ਤੋਂ ਪਹਿਲਾਂ 8 ਵਾਰ ਪੈਰੋਲ ਦੀ ਉਲੰਘਣਾ ਕਰ ਚੁੱਕੇ ਜ਼ਰਦਾ ਨੂੰ ਪੁਣੇ ਦਿਹਾਤੀ ਪੁਲਿਸ ਨੇ 22 ਜਨਵਰੀ ਨੂੰ ਚੋਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਦਸਿਆ ਕਿ ਉਸ ਨੂੰ ਨਾਸਿਕ ਵਿਚ ਦਰਜ ਇਕ ਚੋਰੀ ਦੇ ਕੇਸ ਵਿਚ ਉਥੋਂ ਦੀ ਪੁਲਿਸ ਹਵਾਲੇ ਕਰ ਦਿਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਜ਼ਰਦਾ ਗੋਧਰਾ ਟਰੇਨ ਕਤਲੇਆਮ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ 31 ਲੋਕਾਂ ਵਿਚੋਂ ਇਕ ਹੈ।
ਆਲਫਾਟਾ ਥਾਣੇ ਦੇ ਇੰਸਪੈਕਟਰ ਦਿਨੇਸ਼ ਤਾਇੜੇ ਨੇ ਦਸਿਆ, “ਅਸੀਂ ਸਲੀਮ ਜ਼ਰਦਾ ਅਤੇ ਉਸਦੇ ਗਿਰੋਹ ਦੇ ਮੈਂਬਰਾਂ ਨੂੰ 22 ਜਨਵਰੀ ਨੂੰ ਚੋਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਪੁਣੇ ਦੇ ਪੇਂਡੂ ਖੇਤਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਗੋਧਰਾ ਰੇਲ ਕਤਲੇਆਮ ਮਾਮਲੇ ਦਾ ਵੀ ਦੋਸ਼ੀ ਹੈ, 27 ਫ਼ਰਵਰੀ 2002 ਨੂੰ ਗੁਜਰਾਤ ਦੇ ਗੋਧਰਾ ਵਿਚ ਸਾਬਰਮਤੀ ਐਕਸਪ੍ਰੈਸ ਦੇ ਐਸ-6 ਡੱਬੇ ਨੂੰ ਅੱਗ ਲਗਾ ਦਿਤੀ ਗਈ ਸੀ, ਜਿਸ ਵਿਚ 59 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇਸ ਕਾਰਨ ਸੂਬੇ ਵਿਚ ਦੰਗੇ ਸ਼ੁਰੂ ਹੋ ਗਏ ਸਨ।
ਦਿਨੇਸ਼ ਤਾਇੜੇ ਨੇ ਕਿਹਾ ਕਿ 2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ 31 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਵਿਚੋਂ 11 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ 20 ਨੂੰ ਉਮਰ ਕੈਦ ਹੋਈ ਸੀ। ਜ਼ਰਦਾ ਉਨ੍ਹਾਂ 11 ਲੋਕਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ, ਪਰ ਬਾਅਦ ਵਿਚ ਗੁਜਰਾਤ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਤਾ। ਅਧਿਕਾਰੀ ਨੇ ਦਸਿਆ ਕਿ ਜ਼ਰਦਾ ਅਤੇ ਉਸਦੇ ਗਿਰੋਹ ਦੇ ਮੈਂਬਰਾਂ ਨੂੰ ਪੁਣੇ ਵਿਚ 7 ਜਨਵਰੀ ਨੂੰ ਇਕ ਟਰੱਕ ਤੋਂ 2.49 ਲੱਖ ਰੁਪਏ ਤੋਂ ਵੱਧ ਦੇ 40 ਟਾਇਰ ਚੋਰੀ ਕਰਨ ਦੇ ਦੋਸ਼ ਵਿਚ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ।