
ਵਿਰੋਧੀ ਧਿਰ ਦੇ ਨੇਤਾ ਦੇ ਬਿਆਨ ਦਾ ਸੱਤਾਧਾਰੀ ਧਿਰ ਨੇ ਕੀਤਾ ਸਖ਼ਤ ਵਿਰੋਧ, ਧਨਖੜ ਨੇ ਬਿਆਨ ਵਾਪਸ ਲੈਣ ਲਈ ਕਿਹਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਮਹਾਕੁੰਭ ’ਚ 29 ਜਨਵਰੀ ’ਚ ਮਚੀ ਭਾਜੜ ’ਚ ਮਾਰੇ ਗਏ ‘ਹਜ਼ਾਰਾਂ ਲੋਕਾਂ’ ਨੂੰ ਸ਼ਰਧਾਂਜਲੀ ਦਿਤੀ, ਜਿਸ ਨਾਲ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਅਪਣਾ ਬਿਆਨ ਵਾਪਸ ਲੈਣ ਲਈ ਕਿਹਾ।
ਹਾਲਾਂਕਿ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਿਹਾ ਕਿ ਇਹ ਉਨ੍ਹਾਂ ਦਾ ਅਨੁਮਾਨ ਹੈ ਅਤੇ ਜੇਕਰ ਇਹ ਸਹੀ ਨਹੀਂ ਹੈ ਤਾਂ ਸਰਕਾਰ ਨੂੰ ਦਸਣਾ ਚਾਹੀਦਾ ਹੈ ਕਿ ਸੱਚਾਈ ਕੀ ਹੈ। ਉਨ੍ਹਾਂ ਕਿਹਾ, ‘‘ਮੈਂ ਅਪਣਾ ਬਿਆਨ ਬਦਲਣ ਲਈ ਤਿਆਰ ਹਾਂ।’’
ਖੜਗੇ ਨੇ ਕਿਹਾ, ‘‘ਮੈਂ ਹਜ਼ਾਰਾਂ ਲੋਕਾਂ ਦੀ ਗੱਲ ਕਿਸੇ ਨੂੰ ਦੋਸ਼ ਦੇਣ ਲਈ ਨਹੀਂ ਕੀਤੀ। ਪਰ ਕਿੰਨੇ ਲੋਕ ਮਾਰੇ ਗਏ, ਘੱਟੋ-ਘੱਟ ਇਹ ਜਾਣਕਾਰੀ ਦਿਤੀ ਜਾਵੇ। ਜੇ ਮੈਂ ਗਲਤ ਹਾਂ ਤਾਂ ਮੈਂ ਮੁਆਫੀ ਮੰਗਾਂਗਾ।’’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੰਕੜੇ ਦੱਸਣੇ ਚਾਹੀਦੇ ਹਨ ਕਿ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਲਾਪਤਾ ਹਨ।
29 ਜਨਵਰੀ ਨੂੰ ਮੌਨੀ ਮੱਸਿਆ ਦੇ ਮੌਕੇ ’ਤੇ ਅੰਮ੍ਰਿਤ ਸਨਾਨ ਦੌਰਾਨ ਭਾਜੜ ਮਚ ਗਈ ਸੀ। ਉੱਤਰ ਪ੍ਰਦੇਸ਼ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 30 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ।
ਹਾਲਾਂਕਿ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਬਹਿਸ ’ਚ ਹਿੱਸਾ ਲੈਂਦੇ ਹੋਏ ਖੜਗੇ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੁੰਭ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਖੜਗੇ ਨੇ ‘ਹਜ਼ਾਰਾਂ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ, ‘‘ਮੈਂ ਮਹਾਕੁੰਭ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ... ਹਜ਼ਾਰਾਂ ਲੋਕ ਜੋ ਮਾਰੇ ਗਏ...’’ ਜਿਸ ਦਾ ਸੱਤਾਧਾਰੀ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।