
Ganges River Water News: ਪਾਣੀ 'ਚ ਬੈਕਟੀਰੀਆ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਅਜਿਹੀ ਸਥਿਤੀ ਪੈਦਾ ਹੋਈ
ਪਟਨਾ — ਬਿਹਾਰ 'ਚ ਜ਼ਿਆਦਾਤਰ ਥਾਵਾਂ 'ਤੇ ਗੰਗਾ ਨਦੀ ਦਾ ਪਾਣੀ ਨਹਾਉਣ ਲਈ ਵੀ ਯੋਗ ਨਹੀਂ ਹੈ। ਬਿਹਾਰ ਆਰਥਿਕ ਸਰਵੇਖਣ 2024-25 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਪਾਣੀ 'ਚ ਬੈਕਟੀਰੀਆ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਬਿਹਾਰ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਰਾਜ ਵਿੱਚ 34 ਥਾਵਾਂ 'ਤੇ ਗੰਗਾ ਦੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਕਰਦਾ ਹੈ। ਹਾਲ ਹੀ ਵਿੱਚ ਰਾਜ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਦੇ ਅਨੁਸਾਰ, ਗੰਗਾ ਦੇ ਪਾਣੀ ਵਿੱਚ ਵੱਡੀ ਗਿਣਤੀ ਵਿੱਚ ਬੈਕਟੀਰੀਆ ਦੀ ਮੌਜੂਦਗੀ ਦਾ ਸੰਕੇਤ ਮਿਲਦਾ ਹੈ। ਇਹ ਮੁੱਖ ਤੌਰ 'ਤੇ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਨਾਲ-ਨਾਲ ਸਥਿਤ ਸ਼ਹਿਰਾਂ ਤੋਂ ਸੀਵਰੇਜ/ਘਰੇਲੂ ਕੂੜਾ ਗੰਗਾ ਦੇ ਪਾਣੀਆਂ ਵਿੱਚ ਸੁੱਟਣ ਕਾਰਨ ਹੋਇਆ ਹੈ।
ਨਦੀ ਦੇ ਕਿਨਾਰੇ ਸਥਿਤ ਮਹੱਤਵਪੂਰਨ ਸ਼ਹਿਰਾਂ ਵਿੱਚ ਬਕਸਰ, ਛਪਰਾ (ਸਾਰਣ), ਦਿਗਵਾੜਾ, ਸੋਨਪੁਰ, ਮਨੇਰ, ਦਾਨਾਪੁਰ, ਪਟਨਾ, ਫਤੂਹਾ, ਬਖਤਿਆਰਪੁਰ, ਬਾਰਹ, ਮੋਕਾਮਾ, ਬੇਗੂਸਰਾਏ, ਖਗੜੀਆ, ਲਖੀਸਰਾਏ, ਮਨਿਹਾਰੀ, ਮੁੰਗੇਰ, ਜਮਾਲਪੁਰ, ਸੁਲਤਾਨਗੰਜ, ਭਾਗਲਪੁਰ ਅਤੇ ਕਾਹਲਗਾਓਂ ਸ਼ਾਮਲ ਹਨ।
ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬੀਐਸਪੀਸੀਬੀ ਦੇ ਚੇਅਰਮੈਨ ਡੀਕੇ ਸ਼ੁਕਲਾ ਨੇ ਕਿਹਾ ਕਿ ਗੰਗਾ ਨਦੀ ਵਿੱਚ ਬੈਕਟੀਰੀਆ ਦੀ ਵੱਧ ਗਿਣਤੀ ਚਿੰਤਾ ਦਾ ਵਿਸ਼ਾ ਹੈ। ਸ਼ੁਕਲਾ ਨੇ ਕਿਹਾ ਕਿ ਮਲ-ਮੂਤਰ ਵਿੱਚ "ਫੀਕਲ ਕੋਲੀਫ਼ਾਰਮ" ਬੈਕਟੀਰੀਆ ਪਾਇਆ ਜਾਂਦਾ ਹੈ ਜੋ ਕਿ ਪਾਣੀ ਨੂੰ ਦੂਸ਼ਿਤ ਕਰਦਾ ਹੈ। ਇਸ ਦਾ ਪੱਧਰ ਜਿੰਨਾ ਉੱਚਾ ਹੋਵੇਗਾ, ਪਾਣੀ ਵਿੱਚ ਬਿਮਾਰੀ ਪੈਦਾ ਕਰਨ ਵਾਲੇ ਰੋਗਾਣੂਆਂ ਦੀ ਮੌਜੂਦਗੀ ਓਨੀ ਹੀ ਜ਼ਿਆਦਾ ਹੋਵੇਗੀ।