
ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਮਾਮਲਾ ਕਰਵਾਇਆ ਦਰਜ
Rishikesh News: ਸਰਵਹਰਾ ਨਗਰ ਵਿੱਚ ਇੱਕ ਬਾਈਕ ਸ਼ੋਅਰੂਮ ਦੇ ਮਾਲਕ ਅਤੇ ਕੌਂਸਲਰ ਵਿਚਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਦੋਵਾਂ ਧਿਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਤਵਾਰ ਦੁਪਹਿਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਵਹਰਾ ਨਗਰ ਵਿੱਚ ਸਥਿਤ ਇੱਕ ਬਾਈਕ ਸ਼ੋਅਰੂਮ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਰਿਹਾ ਹੈ। ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ।
ਭੀੜ ਨੇ ਬਾਈਕ ਸ਼ੋਅਰੂਮ 'ਤੇ ਪੱਥਰਬਾਜ਼ੀ ਕੀਤੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਦੋਵੇਂ ਧਿਰਾਂ ਥਾਣੇ ਪਹੁੰਚ ਗਈਆਂ। ਇੱਥੇ ਵੀ ਦੋਵੇਂ ਧਿਰਾਂ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਪਈਆਂ। ਬਾਅਦ ਵਿੱਚ ਦੋਵਾਂ ਧਿਰਾਂ ਨੇ ਇੱਕ ਦੂਜੇ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਕੌਂਸਲਰ ਵੀਰਪਾਲ ਸਿੰਘ ਨੇ ਸ਼ੋਅਰੂਮ ਦੇ ਮਾਲਕ ਰਣਜੀਤ ਸਿੰਘ, ਉਨ੍ਹਾਂ ਦੇ ਪੁੱਤਰਾਂ ਅਤੇ ਕਰਮਚਾਰੀਆਂ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਸ਼ੋਅਰੂਮ ਮਾਲਕ ਸ਼ੋਅਰੂਮ ਦੀਆਂ ਬਾਈਕਾਂ ਨੂੰ ਸੜਕ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਪਾਰਕ ਕਰਦਾ ਹੈ।
ਇਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਕਿਹਾ ਕਿ ਐਤਵਾਰ ਨੂੰ ਜਦੋਂ ਉਹ ਇਸ ਸਬੰਧ ਵਿੱਚ ਸ਼ੋਅਰੂਮ ਮਾਲਕ ਨਾਲ ਗੱਲ ਕਰਨ ਗਿਆ ਤਾਂ ਉਸ ਨੇ, ਉਸ ਦੇ ਪੁੱਤਰਾਂ ਅਤੇ ਕਰਮਚਾਰੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।
ਕੌਂਸਲਰ ਨੇ ਸ਼ੋਅਰੂਮ ਮਾਲਕ 'ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਦਾ ਵੀ ਦੋਸ਼ ਲਗਾਇਆ। ਇਸ ਦੇ ਨਾਲ ਹੀ ਸ਼ੋਅਰੂਮ ਦੇ ਮਾਲਕ ਰਣਜੀਤ ਸਿੰਘ ਨੇ ਕੌਂਸਲਰ ਵੀਰਪਾਲ ਸਿੰਘ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ੋਅਰੂਮ ਉਤੇ ਕੌਂਸਲਰ ਤੇ ਉਸ ਦੇ ਨਾਲ ਆਈ ਭੀੜ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਕੀਤੀ ਗਈ।
ਕੋਤਵਾਲੀ ਇੰਚਾਰਜ ਇੰਸਪੈਕਟਰ ਆਰਐਸ ਖੋਲ੍ਹੀਆ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
SGPC ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਉਤਰਾਖੰਡ ’ਚ ਸਿੱਖ ਭਰਾਵਾਂ ਦੀ ਕੀਤੀ ਕੁੱਟਮਾਰ ਕੀਤੀ ਨਿੰਦਿਆ
ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਉਤਰਾਖੰਡ ਵਿਚ ਸਿੱਖ ਭਰਾਵਾਂ ਦੀ ਕੀਤੀ ਕੁੱਟਮਾਰ ਦੀ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਇਸ ਵੀਡੀਓ ਵਿਚ ਸਿੱਖ ਭਰਾਵਾਂ ’ਤੇ ਹਮਲਾ ਕਰਨਾ ਤੇ ਦਸਤਾਰ ਲਾਹੁਣਾ ਬਹੁਤ ਮੰਦਭਾਗਾ ਹੈ।
ਉੱਤਰਾਖੰਡ ਦੇ ਗਵਰਨਰ ਜੋ ਕਿ ਖੁ਼ਦ ਸਿੱਖ ਹਨ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ। ਇਹ ਕੋਈ ਦੋ ਵਿਅਕਤੀਆਂ ਤੇ ਪਾਰਕਿੰਗ ਦਾ ਮਸਲਾ ਦਿਖਾਈ ਨਹੀਂ ਦੇ ਰਿਹਾ। ਇੰਨਾ ਹਜ਼ੂਮ ਇਕੱਠਾ ਹੋ ਕੇ ਸਿੱਖਾਂ ਨਾਲ ਜੋ ਕਰ ਰਿਹਾ ਉਹ ਇੱਕ ਵੱਖਰਾ ਸੰਕੇਤ ਦੇ ਰਿਹਾ ਹੈ। ਉਤਰਾਖੰਡ ਦੀ ਭਾਜਪਾ ਸਰਕਾਰ ਇਹ ਸੁਨਿਸਚਿਤ ਕਰੇ ਕਿ ਸੂਬੇ ਵਿਚ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਵਿਚ ਦੇਖਿਆ ਗਿਆ ਕਿ ਉਥੇ ਛੁਡਾਉਣ ਵਾਲਾ ਕੋਈ ਨਹੀਂ ਸੀ ਪੁਲਿਸ ਵੀ ਮੂਕ ਦਰਸ਼ਕ ਬਣੀ ਹੋਈ ਸੀ।
ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਉਤਰਾਖੰਡ ਸਰਕਾਰ ਨੂੰ ਇੱਕ ਪੱਤਰ ਲਿਖਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਤੇ ਗਵਰਨਰ ਨੇ ਜੇਕਰ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਤਾਂ ਇਸ ਦਾ ਦੇਸ਼ ਦੀਆਂ ਵੱਖ-ਵੱਖ ਥਾਵਾਂ ਉੱਤੇ ਅਸਰ ਦੇਖਣ ਨੂੰ ਮਿਲੇਗਾ।
ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਦੇਸ਼ ਵਿਚ ਸਿੱਖਾਂ ਪ੍ਰਤੀ ਨਫ਼ਰਤ ਦਾ ਦੌਰ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਤਰਾਖੰਡ ਵਿਚ ਸਿੱਖਾਂ ਦੀ ਬਹੁਤ ਜ਼ਿਆਦਾ ਆਮਦ ਹੈ ਤੇ ਉੱਥੋਂ ਦੀ ਅਰਥ ਵਿਵਸਥਾ ਵਿਚ ਸਿੱਖਾਂ ਦਾ ਅਹਿਮ ਰੋਲ ਹੈ।
ਉਤਰਾਖੰਡ ਮਾਮਲੇ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਘਟਨਾ ਦੀ ਤਹਿ ਤਕ ਜਾਂਚ ਹੋਣੀ ਚਾਹੀਦੀ ਹੈ। ਉਤਰਾਖੰਡ ਦੇ ਵਿਚ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ ਤੇ ਉੱਥੇ ਵੱਖ-ਵੱਖ ਭਾਈਚਾਰਿਆਂ ਵਿਚ ਕਾਫੀ ਮਿਲਵਰਤਨ ਦੇਖਿਆ ਜਾ ਸਕਦਾ ਹੈ ਪਰ ਇਸ ਘਟਨਾ ਪਿੱਛੇ ਕੀ ਕਾਰਨ ਹਨ ਇਸ ਦੀ ਪਹਿਲਾਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਦਾ ਨੋਟਿਸ ਉਤਰਾਖੰਡ ਦੀ ਸਰਕਾਰ ਤੇ ਪ੍ਰਸਾਸ਼ਨ ਲੈਣਾ ਚਾਹੀਦਾ ਹੈ ਤੇ ਜਾਂਚ ਕਰ ਕੇ ਅਸਲੀ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।
ਉਤਰਾਖੰਡ ਮਾਮਲੇ ’ਤੇ MP ਸੁਖਜਿੰਦਰ ਸਿੰਘ ਰੰਧਾਵਾ ਕਿਹਾ,
ਉਤਰਾਖੰਡ ਦੇ ਰਿਸ਼ੀਕੇਸ਼ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਦੋ ਸਿੱਖ ਭਰਾਵਾਂ 'ਤੇ ਭੀੜ ਨੇ ਹਮਲਾ ਕੀਤਾ, ਉਨ੍ਹਾਂ ਦੀਆਂ ਪੱਗਾਂ ਦੀ ਬੇਅਦਬੀ ਕੀਤੀ ਅਤੇ ਉਨ੍ਹਾਂ ਦੀ ਦੁਕਾਨ ਦੀ ਭੰਨਤੋੜ ਕੀਤੀ।
ਉਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਅਤੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਏ।