
ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਬਿਹਾਰ ਦੀ ਰਾਜਨੀਤੀ ਵਿਚ ਜਾਰੀ ਖਿੱਚੋਤਾਣ ਅੱਜ ਉਸ ਵੇਲੇ ਸਿਖਰ 'ਤੇ ਪਹੁੰਚ ਗਈ ਜਦ ਬਿਹਾਰ ਦੇ..
ਪਟਨਾ, 26 ਜੁਲਾਈ : ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਬਿਹਾਰ ਦੀ ਰਾਜਨੀਤੀ ਵਿਚ ਜਾਰੀ ਖਿੱਚੋਤਾਣ ਅੱਜ ਉਸ ਵੇਲੇ ਸਿਖਰ 'ਤੇ ਪਹੁੰਚ ਗਈ ਜਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਅੱਜ ਸ਼ਾਮ ਰਾਜ ਭਵਨ ਜਾ ਕੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨੂੰ ਅਪਣਾ ਅਸਤੀਫ਼ਾ ਸੌਂਪਦਿਆਂ 20 ਮਹੀਨੇ ਪੁਰਾਣੇ 'ਮਹਾਂਗਠਜੋੜ' (ਜੇਡੀਯੂ, ਆਰਜੇਡੀ, ਕਾਂਗਰਸ) ਦੀ ਸਰਕਾਰ ਦਾ ਅੰਤ ਕਰ ਦਿਤਾ।
ਇਸ ਤੋਂ ਪਹਿਲਾਂ ਜੇਡੀਯੂ ਮੁਖੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਹੋਈ ਅਤੇ ਬੈਠਕ ਵਿਚ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ। ਅਸਤੀਫ਼ਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਮੈਂ ਗਠਜੋੜ ਧਰਮ ਦੀ ਪਾਲਣਾ ਕੀਤੀ ਹੈ। ਮੇਰੀ ਅੰਤਰਆਤਮਾ ਨੇ ਮੈਨੂੰ ਅਸਤੀਫ਼ਾ ਦੇਣ ਲਈ ਕਿਹਾ ਤੇ ਮੈਂ ਅਸਤੀਫ਼ਾ ਦੇ ਦਿਤਾ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਮਝੌਤਾ ਨਹੀਂ ਕੀਤਾ ਜਾ ਸਕਦਾ।' ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਨੂੰ ਅਸਤੀਫ਼ਾ ਦੇਣ ਲਈ ਕਦੇ ਨਹੀਂ ਕਿਹਾ। ਨਿਤੀਸ਼ ਨੇ ਕਿਹਾ, 'ਜਿੰਨਾ ਹੋ ਸਕਦਾ ਸੀ, ਮੈਂ ਗਠਜੋੜ ਦਾ ਧਰਮ ਨਿਭਾਇਆ। ਲੋਕਾਂ ਦੇ ਹਿੱਤ ਵਿਚ ਕੰਮ ਕੀਤਾ। ਬਿਹਾਰ ਵਾਸਤੇ ਲਗਾਤਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਜੋ ਮਾਹੌਲ ਸੀ, ਉਸ ਵਿਚ ਕੰਮ ਕਰਨਾ ਮੁਸ਼ਕਲ ਸੀ। ਅਸੀਂ ਤੇਜੱਸਵੀ ਕੋਲੋਂ ਅਸਤੀਫ਼ਾ ਨਹੀਂ ਮੰਗਿਆ ਪਰ ਲਾਲੂ ਤੇ ਤੇਜੱਸਵੀ ਨੂੰ ਇਹੋ ਕਿਹਾ ਕਿ ਦੋਸ਼ਾਂ ਬਾਬਤ ਸਫ਼ਾਈ ਦਿਉ। ਸਪੱਸ਼ਟੀਕਰਨ ਜ਼ਰੂਰੀ ਹੈ ਪਰ ਇਹ ਨਹੀਂ ਹੋ ਰਿਹਾ ਸੀ।' ਉਨ੍ਹਾਂ ਕਿਹਾ, 'ਤੇਜੱਸਵੀ ਵਿਰੁਧ ਲੱਗੇ ਦੋਸ਼ਾਂ ਕਾਰਨ ਗ਼ਲਤ ਧਾਰਨਾ ਬਣ ਰਹੀ ਸੀ। ਬਿਹਾਰ ਕਾਂਗਰਸ ਦੇ ਪ੍ਰਧਾਨ ਨੂੰ ਅਸੀਂ ਕਿਹਾ ਕਿ ਕੁੱਝ ਤਾਂ ਅਜਿਹਾ ਕਰੋ ਜਿਸ ਨਾਲ ਰਸਤਾ ਨਿਕਲੇ ਪਰ ਅਜਿਹਾ ਨਹੀਂ ਹੋ ਰਿਹਾ ਸੀ। ਆਖ਼ਰ, ਮੈਂ ਅੰਤਰਆਤਮਾ ਦੀ ਆਵਾਜ਼ ਸੁਣ ਕੇ ਅਸਤੀਫ਼ਾ ਦੇ ਦਿਤਾ।'
ਜ਼ਿਕਰਯੋਗ ਹੈ ਕਿ ਨਾਜਾਇਜ਼ ਸੰਪਤੀ ਬਣਾਉਣ ਦੇ ਦੋਸ਼ ਹੇਠ ਸੀਬੀਆਈ ਨੇ ਪਿਛਲੇ ਦਿਨੀਂ ਲਾਲੂ ਯਾਦਵ ਅਤੇ ਉਸ ਦੇ ਪੁੱਤਰ ਵਿਰੁਧ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਇਹ ਕਿਆਫ਼ੇ ਚੱਲ ਪਏ ਸਨ ਕਿ ਨਿਤੀਸ਼ ਕੁਮਾਰ ਤੇਜੱਸਵੀ ਯਾਦਵ ਕੋਲੋਂ ਅਸਤੀਫ਼ਾ ਲੈਣਗੇ। ਉਧਰ, ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਉਸ ਦਾ ਪੁੱਤਰ ਤੇਜੱਸਵੀ ਯਾਦਵ ਅਸਤੀਫ਼ਾ ਨਹੀਂ ਦੇਵੇਗਾ। 243 ਮੇਂਬਰੀ ਵਿਧਾਨ ਸਭਾ ਵਿਚ ਕਿਸੇ ਵੀ ਪਾਰਟੀ ਕੋਲ ਬਹੁਤਮ ਨਹੀਂ ਹੈ। ਜੇਡੀਯੂ ਦੇ 71 ਵਿਧਾਇਕ ਹਨ ਜਦਕਿ ਲਾਲੂ ਦੀ ਪਾਰਟੀ ਆਰਜੇਡੀ ਕੋਲ 80 ਸੀਟਾਂ ਹਨ। ਭਾਜਪਾ ਕੋਲ 53 ਤੇ ਕਾਂਗਰਸ ਕੋਲ 27 ਸੀਟਾਂ ਹਨ।
ਨਿਤੀਸ਼ ਕੁਮਾਰ ਨੇ ਕਿਹਾ ਕਿ ਅਸਤੀਫ਼ਾ ਦੇਣ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੂੰ ਦੱਸ ਦਿਤਾ ਗਿਆ ਸੀ। ਰਾਜਪਾਲ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਤੇਜੱਸਵੀ ਅਸਤੀਫ਼ਾ ਦਿੰਦੇ ਤਾਂ ਉਹ ਹੋਰ ਉਚਾਈ 'ਤੇ ਪਹੁੰਚਦੇ। ਅੱਜ ਲਾਲੂ ਯਾਦਵ, ਰਾਬੜੀ ਦੇਵੀ ਅਤੇ ਤੇਜੱਸਵੀ ਨੇ ਸਪੱਸ਼ਟ ਕਹਿ ਦਿਤਾ ਸੀ ਕਿ ਨਿਤੀਸ਼ ਕੁਮਾਰ ਨੇ ਉਨ੍ਹਾਂ ਕੋਲੋਂ ਅਸਤੀਫ਼ਾ ਨਹੀਂ ਮੰਿਗਆ ਜਿਸ ਕਰ ਕੇ ਨਿਤੀਸ਼ ਕੁਮਾਰ ਨੇ ਆਪ ਹੀ ਅਸਤੀਫ਼ਾ ਦੇ ਦਿਤਾ।