
ਮਦਰਾਸ ਹਾਈ ਕੋਰਟ ਤਾਮਿਲਨਾਡੂ ਦੇ ਸਾਰੇ ਸਕੂਲਾਂ ਵਿਚ ਹਫ਼ਤੇ 'ਚ ਘਟੋ-ਘੱਟ ਦੋ ਵਾਰ ਕੌਮੀ ਗੀਤ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿਤਾ ਹੈ। ਜਸਟਿਸ ਐਮ.ਵੀ. ਮੁਰਲੀਧਰਨ ਨੇ....
ਚੇਨਈ, 25 ਜੁਲਾਈ : ਮਦਰਾਸ ਹਾਈ ਕੋਰਟ ਤਾਮਿਲਨਾਡੂ ਦੇ ਸਾਰੇ ਸਕੂਲਾਂ ਵਿਚ ਹਫ਼ਤੇ 'ਚ ਘਟੋ-ਘੱਟ ਦੋ ਵਾਰ ਕੌਮੀ ਗੀਤ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿਤਾ ਹੈ। ਜਸਟਿਸ ਐਮ.ਵੀ. ਮੁਰਲੀਧਰਨ ਨੇ ਹੁਕਮ ਦਿਤਾ ਕਿ ਰਾਜ ਦੇ ਸਾਰੇ ਨਿਜੀ ਅਤੇ ਸਰਕਾਰੀ ਸਕੂਲ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਵਿਦਿਆਰਥੀ ਹਫ਼ਤੇ ਵਿਚ ਦੋ ਵਾਰ (ਸੋਮਵਾਰ ਅਤੇ ਸ਼ੁਕਰਵਾਰ ਬਿਹਤਰ ਹੋਵੇਗਾ) ਕੌਮੀ ਗੀਤ ਗਾਉਣ।
ਜਸਟਿਸ ਮੁਰਲੀਧਰਨ ਨੇ ਕਿਹਾ ਕਿ ਗੀਤ ਨੂੰ ਮਹੀਨੇ ਵਿਚ ਘਟੋ-ਘੱਟ ਇਕ ਵਾਰ ਸਰਕਾਰੀ ਅਤੇ ਨਿਜੀ ਦਫ਼ਤਰਾਂ ਵਿਚ ਵੀ ਚਲਾਇਆ ਜਾਵੇ। ਜੇ ਲੋਕਾਂ ਨੂੰ ਬੰਗਾਲੀ ਜਾਂ ਸੰਸਕ੍ਰਿਤ ਵਿਚ ਗੀਤ ਗਾਉਣ 'ਚ ਦਿੱਕਤ ਆਉਂਦੀ ਹੈ ਤਾਂ ਤਾਮਿਲ ਵਿਚ ਇਸ ਦਾ ਅਨੁਵਾਦ ਕਰਨ ਲਈ ਕਦਮ ਉਠਾਏ ਜਾ ਸਕਦੇ ਹਨ।
ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਸਮਾਗਮ ਵਿਚ ਜੇ ਕਿਸੇ ਵਿਅਕਤੀ ਜਾਂ ਜਥੇਬੰਦੀ ਨੂੰ ਗੀਤ ਗਾਉਣ ਜਾਂ ਚਲਾਏ ਜਾਣ 'ਤੇ ਇਤਰਾਜ਼ ਹੈ ਤਾਂ ਉਨ੍ਹਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਜੱਜ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਅਦਾਲਤ ਉਮੀਦ ਕਰਦੀ ਹੈ ਇਸ ਹੁਕਮ ਨੂੰ ਸਹੀ ਅਰਥਾਂ ਵਿਚ ਲਿਆ ਜਾਵੇਗਾ। ਇਹ ਮਾਮਲਾ ਕੇ. ਵੀਰਮਣੀ ਨਾਂ ਦੇ ਵਿਅਕਤੀ ਵਲੋਂ ਦਾਖ਼ਲ ਪਟੀਸ਼ਨ ਨਾਲ ਸਬੰਧਤ ਹੈ ਜੋ ਬੀ.ਟੀ. ਸਹਾਇਕ ਦੇ ਅਹੁਦੇ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਿਚ ਅਸਫ਼ਲ ਰਹੇ ਸਨ ਕਿਉਂਕਿ ਉਨ੍ਹਾਂ ਨੇ ਜਵਾਬ ਦਿਤਾ ਸੀ ਕਿ ਗੀਤ ਬੰਗਾਲੀ ਵਿਚ ਲਿਖਿਆ ਗਿਆ ਹੈ। (ਏਜੰਸੀ)