
ਸੁਪਰੀਮ ਕੋਰਟ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਭੰਗ ਕਰਨ 'ਤੇ ਸੁਣਵਾਈ ਭਲਕੇ ਯਾਨੀ 4 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ
ਇਸਲਾਮਾਬਾਦ - ਇਮਰਾਨ ਸਰਕਾਰ ਦੇ ਖਿਲਾਫ਼ ਬੇਭਰੋਸਗੀ ਮਤਾ ਖਾਰਜ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਧਾਰਾ 5 ਦੀ ਚਰਚਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਨੇ ਸੰਵਿਧਾਨ ਦੀ ਧਾਰਾ 5 ਤਹਿਤ ਬੇਭਰੋਸਗੀ ਮਤੇ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਲਈ ਉਹਨਾਂ ਨੇ ਵਿਦੇਸ਼ੀ ਸਾਜ਼ਿਸ਼ ਦਾ ਹਵਾਲਾ ਦਿੱਤਾ ਹੈ।
ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਪਾਕਿਸਤਾਨੀ ਸੰਵਿਧਾਨ ਦੀ ਧਾਰਾ 5 ਦਾ ਹਵਾਲਾ ਦਿੰਦੇ ਹੋਏ ਬਿਨਾਂ ਵੋਟਿੰਗ ਦੇ ਅਵਿਸ਼ਵਾਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਦੂਜੇ ਪਾਸੇ ਇਮਰਾਨ ਖਾਨ ਦੀ ਸਿਫਾਰਿਸ਼ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਸੰਸਦ ਨੂੰ ਭੰਗ ਕਰ ਦਿੱਤਾ ਹੈ। ਦੇਸ਼ ਵਿੱਚ ਅਗਲੀਆਂ ਆਮ ਚੋਣਾਂ 90 ਦਿਨਾਂ ਦੇ ਅੰਦਰ ਹੋਣਗੀਆਂ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ, ਜਿੱਥੇ ਸੁਣਵਾਈ ਭਲਕੇ ਤੱਕ ਲਈ ਟਾਲ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਟਵੀਟ ਵਿਚ ਕਿਹਾ ਹੈ ਕਿ ਆਮ ਚੋਣਾਂ ਲਈ ਸਾਡੇ ਸੱਦੇ 'ਤੇ ਪੀਡੀਐਮ (ਪੀਪਲਜ਼ ਡੈਮੋਕਰੇਟਿਕ ਮੂਵਮੈਂਟ) ਦੀ ਪ੍ਰਤੀਕਿਰਿਆ ਦੇਖ ਕੇ ਮੈਂ ਹੈਰਾਨ ਹਾਂ। ਉਹ ਰੌਲਾ ਪਾ ਰਹੇ ਸਨ ਕਿ ਸਾਡੀ ਸਰਕਾਰ ਕਿਵੇਂ ਫੇਲ੍ਹ ਹੋ ਗਈ ਹੈ ਅਤੇ ਅਸੀਂ ਲੋਕਾਂ ਦਾ ਸਮਰਥਨ ਗੁਆਚੁੱਕੇ ਹਾਂ, ਇਸ ਲਈ ਹੁਣ ਅਸੀਂ ਚੋਣਾਂ ਤੋਂ ਕਿਉਂ ਡਰ ਰਹੇ ਹਾਂ? ਉਨ੍ਹਾਂ ਸਵਾਲ ਕੀਤਾ ਕਿ ਕੀ ਪੀਡੀਐਮ ਲਈ ਸੱਤਾ ਬਦਲਣ ਦੀ ਵਿਦੇਸ਼ੀ ਸਾਜ਼ਿਸ਼ ਦਾ ਹਿੱਸਾ ਬਣਨ ਦੀ ਬਜਾਏ ਚੋਣਾਂ ਨੂੰ ਸਵੀਕਾਰ ਕਰਨਾ ਬਿਹਤਰ ਨਹੀਂ ਹੈ।
ਸੁਪਰੀਮ ਕੋਰਟ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਭੰਗ ਕਰਨ 'ਤੇ ਸੁਣਵਾਈ ਭਲਕੇ ਯਾਨੀ 4 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਇਹ ਜਾਣਕਾਰੀ ਪਾਕਿਸਤਾਨ ਮੀਡੀਆ ਤੋਂ ਸਾਹਮਣੇ ਆ ਰਹੀ ਹੈ। ਚੀਫ਼ ਜਸਟਿਸ ਨੇ ਸਿਆਸੀ ਪਾਰਟੀਆਂ ਨੂੰ ਸ਼ਾਂਤੀ ਅਤੇ ਵਿਵਸਥਾ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਹਰ ਕੋਈ ਵਰਤ ਰੱਖ ਰਿਹਾ ਹੈ।
Imran Khan
ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ 15 ਦਿਨਾਂ ਤੱਕ ਸੱਤਾ ਵਿੱਚ ਰਹਿਣਗੇ। ਦੇਸ਼ ਦੇ ਸਾਬਕਾ ਸੁਰੱਖਿਆ ਮੁਖੀ ਰਸ਼ੀਦ ਨੇ ਕਿਹਾ ਕਿ ਇਮਰਾਨ ਖਾਨ ਵੱਲੋਂ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰਕੇ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਮਰਾਨ ਖਾਨ ਹੋਰ 15 ਦਿਨ ਪ੍ਰਧਾਨ ਮੰਤਰੀ ਬਣੇ ਰਹਿਣਗੇ। ਮੈਂ ਲਗਾਤਾਰ ਕਹਿ ਰਿਹਾ ਸੀ ਕਿ ਸਿਆਸੀ ਸੰਕਟ ਦੇ ਵਿਚਕਾਰ ਚੋਣਾਂ ਨੂੰ ਅੱਗੇ ਵਧਾਉਣਾ ਹੀ ਸਹੀ ਰਾਹ ਹੈ।