
ਘਾਟੀ ਵਿਚ ਕਰਨਲ ਰੈਂਕ ਦੇ ਅਧਿਕਾਰੀ ਦੀ ਸ਼ਹਾਦਤ ਪੰਜ ਸਾਲਾਂ ਮਗਰੋਂ
ਸ੍ਰੀਨਗਰ, 3 ਮਈ : ਉੱਤਰੀ ਕਸ਼ਮੀਰ ਵਿਚ ਹੰਦਵਾੜਾ ਖੇਤਰ ਦੇ ਪਿੰਡ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਇਕ ਕਰਨਲ ਅਤੇ ਇਕ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਦੋ ਅਤਿਵਾਦੀ ਵੀ ਮਾਰੇ ਗਏ। ਡੀਜੀਪੀ ਦਿਲਬਾਗ਼ ਸਿੰਘ ਨੇ ਦਸਿਆ, 'ਇਹ ਦਸਦਿਆਂ ਦੁੱਖ ਹੋ ਰਿਹਾ ਹੈ ਕਿ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ ਸੂਦ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਸ਼ਕੀਲ ਕਾਜ਼ੀ ਸਮੇਤ ਪੰਜ ਬਹਾਦਰ ਸੁਰੱਖਿਆ ਮੁਲਾਜ਼ਮ ਅਪਣਾ ਫ਼ਰਜ਼ ਨਿਭਾਉਂਦਿਆਂ ਸ਼ਹੀਦ ਹੋ ਗਏ।' ਉਨ੍ਹਾਂ ਦਸਿਆ ਕਿ ਕਰਨਲ ਅਤੇ ਉਨ੍ਹਾਂ ਦੀ ਟੀਮ ਨੇ ਅਤਿਵਾਦੀਆਂ ਦੁਆਰਾ ਬੰਧਕ ਬਣਾਏ ਗਏ ਨਾਗਰਿਕਾਂ ਨੂੰ ਬਹਾਦਰੀ ਨਾਲ ਮੁਕਤ ਕਰਾ ਲਿਆ।
ਇਹ ਮੁਕਾਬਲਾ ਉੱਤਰੀ ਕਸ਼ਮੀਰ ਦੇ ਰਜਵਾਰ ਜੰਗਲ ਵਿਚ ਹੋਇਆ। ਮੁਕਾਬਲੇ ਵਿਚ ਮਾਰੇ ਗਏ ਦੋ ਅਤਿਵਾਦੀਆਂ ਵਿਚ ਪਾਬੰਦੀਸ਼ੁਦਾ ਲਸ਼ਕਰ ਏ ਤੋਇਬਾ ਦਾ ਕਮਾਂਡਰ ਹੈਦਰ ਵੀ ਸ਼ਾਮਲ ਹੈ ਜਿਹੜਾ ਪਾਕਿਸਤਾਨੀ ਨਾਗਰਿਕ ਸੀ ਅਤੇ ਕਸ਼ਮੀਰ ਵਿਚ ਸਰਗਰਮ ਸੀ। ਘਾਟੀ ਵਿਚ ਕਰਨਲ ਰੈਂਕ ਦੇ ਅਧਿਕਾਰੀ ਦੀ ਸ਼ਹਾਦਤ ਪੰਜ ਸਾਲਾਂ ਮਗਰੋਂ ਹੋਈ ਹੈ। 2015 ਵਿਚ ਫ਼ੌਜ ਨੇ ਇਕ ਸਾਲ ਵਿਚ ਅਪਣੇ ਦੋ ਕਰਨਲ ਗਵਾ ਦਿਤੇ ਸਨ।
ਫ਼ੌਜ ਨੇ ਦਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਚੰਗੀਮੁੱਲਾ ਇਲਾਕੇ ਦੇ ਮਕਾਨ ਵਿਚ ਅਤਿਵਾਦੀਆਂ ਦੁਆਰਾ ਕੁੱਝ ਨਾਗਰਿਕਾਂ ਨੂੰ ਬੰਧਕ ਬਣਾਏ ਜਾਣ ਦੀ ਖ਼ੁਫ਼ੀਆ ਸੂਚਨਾ ਮਿਲਣ ਮਗਰੋਂ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਸਾਂਝੀ ਮੁਹਿੰਮ ਚਲਾਈ। ਪੰਜ ਫ਼ੌਜੀ ਅਤੇ ਪੁਲਿਸ ਮੁਲਾਜ਼ਮਾਂ ਦੀ ਟੀਮ ਨਾਗਰਿਕਾਂ ਨੂੰ ਛੁਡਾਉਣ ਲਈ ਅਤਿਵਾਦੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਵੜੀ ਅਤੇ ਨਾਗਰਿਕਾਂ ਨੂੰ ਸਫ਼ਲਤਾ ਨਾਲ ਬਚਾ ਲਿਆ। ਫ਼ੌਜ ਨੇ ਦਸਿਆ ਕਿ ਇਸ ਕਵਾਇਦ ਦੌਰਾਨ ਅਤਿਵਾਦੀਆਂ ਨੇ ਟੀਮ 'ਤੇ ਭਾਰੀ ਗੋਲੀਬਾਰੀ ਕੀਤੀ ਅਤੇ ਫਿਰ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ ਅਤੇ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਘੁਸਪੈਠ ਕਰਨ ਵਾਲੇ ਗਰੁਪ ਨੂੰ ਲਿਆਉਣ ਲਈ ਹੰਦਵਾੜਾ ਪਹੁੰਚੇ ਸਨ। ਕਰਨਲ ਆਸ਼ੂਤੋਸ਼ ਸ਼ਰਮਾ ਅਤੇ ਮੇਜਰ ਅਨੁਜ ਸੂਦ ਤੋਂ ਇਲਾਵਾ ਮੁਕਾਬਲੇ ਵਿਚ ਨਾਇਕ ਰਾਜੇਸ਼ ਅਤੇ ਲਾਂਸ ਨਾਇਕ ਦਿਨੇਸ਼ ਵੀ ਸ਼ਹੀਦ ਹੋ ਗਏ। ਕਰਨਲ ਸ਼ਰਮਾ 21 ਰਾਸ਼ਟਰੀ ਰਾਈਫ਼ਲਜ਼ ਦੇ ਕਮਾਂਡਿੰਗ ਆਫ਼ੀਸਰ ਸਨ ਅਤੇ ਉਨ੍ਹਾਂ ਨੂੰ ਕਸ਼ਮੀਰ ਵਿਚ ਦੋ ਵਾਰ ਬਹਾਦਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਕਰਨਲ ਸ਼ਰਮਾ ਦੇ ਯੂਪੀ ਦੇ ਬੁਲੰਦਸ਼ਹਿਰ ਦੇ ਸਨ।