ਦੇਸ਼ ਭਰ 'ਚ 'ਕੋਰੋਨਾ ਯੋਧਿਆਂ' ਉਤੇ ਫੁੱਲਾਂ ਦਾ ਮੀਂਹ
Published : May 3, 2020, 11:21 pm IST
Updated : May 3, 2020, 11:21 pm IST
SHARE ARTICLE
ਮੁੰਬਈ ਵਿਖੇ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਕੋਰੋਨਾ ਯੋਧਿਆਂ 'ਤੇ ਫੁੱਲਾਂ ਦੀ ਵਰਖਾ ਕਰਦਾ ਹੋਇਆ।
ਮੁੰਬਈ ਵਿਖੇ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਕੋਰੋਨਾ ਯੋਧਿਆਂ 'ਤੇ ਫੁੱਲਾਂ ਦੀ ਵਰਖਾ ਕਰਦਾ ਹੋਇਆ।

ਫ਼ੌਜ ਵਲੋਂ ਜਲ, ਥਲ ਤੇ ਆਸਮਾਨ 'ਚੋਂ ਸਲਾਮੀ

ਨਵੀਂ ਦਿੱਲੀ, 3 ਮਈ : ਕੋਰੋਨਾ ਵਾਇਰਸ ਸੰਸਾਰ ਮਹਾਮਾਰੀ ਵਿਰੁਧ ਜੰਗ ਲੜ ਰਹੇ ਲੱਖਾਂ ਡਾਕਟਰਾਂ, ਪੈਰਾਮੈਡੀਕਲ ਸਟਾਫ਼, ਸਫ਼ਾਈ ਕਾਮਿਆਂ ਅਤੇ ਅਗਲੇ ਮੋਰਚੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਧਨਵਾਦ ਕਰਨ ਦੀ ਦੇਸ਼ਵਿਆਪੀ ਕਵਾਇਦ ਤਹਿਤ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਅਤੇ ਟਰਾਂਸਪੋਰਟ ਜਹਾਜ਼ਾਂ ਨੇ ਐਤਵਾਰ ਨੂੰ ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਉਪਰ ਸ਼ਾਨਦਾਰ 'ਫ਼ਲਾਈ ਪਾਸਟ' ਕੀਤਾ ਜਦਕਿ ਫ਼ੌਜੀ ਹੈਲੀਕਾਪਟਰਾਂ ਨੇ ਦੇਸ਼ ਭਰ ਦੇ ਪ੍ਰਮੁੱਖ ਹਸਪਤਾਲਾਂ 'ਤੇ ਆਸਮਾਨ ਵਿਚੋਂ ਫੁੱਲ ਸੁੱਟੇ। ਇਹ ਪਹਿਲਾ ਮੌਕਾ ਹੈ ਜਦ ਤਿੰਨਾਂ ਫ਼ੌਜਾਂ ਨੇ ਯੋਧਿਆਂ ਦੇ ਸਨਮਾਨ ਵਿਚ ਅਜਿਹਾ ਉਪਰਾਲਾ ਕੀਤਾ ਹੈ। ਇਸ ਮੌਕੇ ਦੋ 'ਫ਼ਲਾਈ ਪਾਸਟ' ਕੀਤੇ ਗਏ। ਇਕ ਕਸ਼ਮੀਰ ਤੋਂ ਕੰਨਿਆਕੁਮਾਰੀ ਹੁੰਦੇ ਹੋਏ ਤਿਰਵੇਂਦਰਮ ਅਤੇ ਕੋਇੰਬਟੂਰ ਤਕ ਅਤੇ ਦੂਜਾ ਗੁਹਾਟੀ ਤੋਂ ਅਹਿਮਦਾਬਾਦ ਤਕ।


ਫ਼ੌਜੀ ਜਹਾਜ਼ਾਂ ਦੇ ਬੇੜੇ ਵਿਚ ਸ਼ਾਮਲ ਸੁਖੋਈ 30, ਐਮ ਕੇ ਆਈ ਮਿਗ 29 ਅਤੇ ਜਗੁਆਰ ਨੇ ਦਿੱਲੀ ਦੇ ਰਾਜਪੱਥ ਉਪਰ ਉਡਾਨ ਭਰੀ ਅਤੇ ਫਿਰ ਸਵੇਰੇ ਲਗਭਗ 11 ਵਜੇ ਅਗਲੇ 30 ਮਿੰਟਾਂ ਤਕ ਸ਼ਹਿਰ ਉਪਰ ਗੇੜੇ ਲਾਏ। ਮੁੱਖ ਟਰਾਂਸਪੋਰਟ ਜਹਾਜ਼ ਸੀ-130 ਨੇ ਵੀ ਦਿੱਲੀ ਅਤੇ ਕੌਮੀ ਰਾਜਧਾਨੀ  ਖੇਤਰ ਵਿਚ ਵਖਰੇ ਤੌਰ 'ਤੇ ਫ਼ਲਾਈ ਪਾਸਟ ਕੀਤਾ। ਹਵਾਈ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਇਸ ਜਹਾਜ਼ ਨੇ ਲਗਭਗ 500 ਤੋਂ 1000 ਮੀਟਰ ਤਕ ਦੀ ਉਚਾਈ 'ਤੇ ਹੀ ਉਡਾਨ ਭਰੀ। ਫ਼ੌਜੀ ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ਤੋਂ ਇਲਾਵਾ, ਭਾਰਤੀ ਹਵਾਈ ਫ਼ੌਜ ਨੇ ਮੁੰਬਈ, ਜੈਪੁਰ, ਅਹਿਮਦਾਬਾਦ, ਗੁਹਾਟੀ, ਪਟਨਾ,ਲਖਨਊ, ਸ੍ਰੀਨਗਰ, ਚੰਡੀਗੜ੍ਹ, ਭੋਪਾਲ, ਹੈਦਰਾਬਾਦ, ਬੰਗਲੌਰ, ਕੋਇੰਬਟੂਰ ਅਤੇ ਤਿਰੂਵਨੰਤਪੁਰਮ ਸਣੇ ਕਈ ਸ਼ਹਿਰਾਂ ਉਪਰ ਮਾਰਚ ਵੀ ਕੀਤਾ।

ਭਾਰਤੀ ਹਵਾਈ ਫ਼ੌਜ ਅਤੇ ਭਾਰਤੀ ਜਲ ਸੈਨਾ ਦੇ ਕਈ ਹੈਲੀਕਾਪਟਰਾਂ ਨੇ ਦਿੱਲੀ, ਸ਼ਿਲਾਂਗ, ਗੁਹਾਟੀ ਅਤੇ ਮੁੰਬਈ ਸਣੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਉਪਰ ਉਡਾਨ ਭਰੀ ਅਤੇ ਕੋਰੋਨਾ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਫੁੱਲ ਸੁੱਟੇ। ਥਲ ਸੈਨਾ ਦੇ ਬੈਂਡਾਂ ਨੇ ਵੀ ਪ੍ਰਮੁੱਖ ਹਸਪਤਾਲਾਂ ਵਿਚ ਪੇਸ਼ਕਾਰੀ ਦਿਤੀ। ਮੁੱਖ ਰਖਿਆ ਮੁਖੀ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਸ਼ੁਕਰਕਾਰ ਨੂੰ ਐਲਾਨ ਕੀਤਾ ਸੀ ਕਿ ਫ਼ੌਜ ਦੇ ਤਿੰਨ ਅੰਗ 'ਕੋਰੋਨਾ ਯੋਧਿਆਂ' ਦਾ ਧਨਵਾਦ ਕਰਨ ਲਈ ਕਈ ਗਤੀਵਿਧੀਆਂ ਕਰਨਗੇ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁਧ ਭਾਰਤ ਦੀ ਜੰਗ ਨੂੰ ਮਜ਼ਬੂਤ ਕਰਨ ਲਈ ਅਗਲੇ ਮੋਰਚੇ ਦੇ ਯੋਧੇ ਬੇਹੱਦ ਸ਼ਲਾਘਾਯੋਗ ਕੰਮ ਕਰ ਰਹੇ ਹਨ।

ਜਲ ਸੈਨਾ ਦੇ ਜਹਾਜ਼ ਹੋਏ ਰੌਸ਼ਨ
ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ। ਫ਼ੌਜੀ ਬੈਂਡਾਂ ਨੇ ਦੇਸ਼ਭਗਤੀਆਂ ਦੀਆਂ ਧੁਨਾਂ ਵਜਾਈਆਂ। ਜਲ ਸੈਨਾ ਨੇ ਕੁੱਝ ਸਮੁੰਦਰੀ ਜਹਾਜ਼ਾਂ 'ਤੇ ਰੌਸ਼ਨੀ ਕੀਤੀ ਜਿਸ ਨਾਲ ਸਮੁੰਦਰ ਵੀ ਜਗਮਗ ਕਰ ਉਠਿਆ। ਚੇਨਈ ਵਿਚ ਮਰੀਨਾ ਬੀਚ 'ਤੇ ਤੈਨਾਤ ਨੇਵੀ ਦੇ ਆਈਐਨਐਸ ਅਤੇ ਆਈਐਨਐਸ ਕਮੋਟੋ 'ਤੇ ਲਾਈਟਾਂ ਜਗਾਈਆਂ ਗਈਆਂ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement