ਇਨ੍ਹਾਂ ਦੇਸ਼ਾਂ ਵਿਚ ਹੁੰਦੇ ਹਨ ਸਭ ਤੋਂ ਵੱਧ ਤਲਾਕ, ਪੜ੍ਹੋ ਪੂਰੀ ਸੂਚੀ
ਨਵੀਂ ਦਿੱਲੀ : ਪ੍ਰਵਾਰਕ ਪ੍ਰਣਾਲੀ ਅਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਾਲੇ ਦੇਸ਼ਾਂ ਵਿਚੋਂ ਭਾਰਤ ਰਿਸ਼ਤਿਆਂ ਨੂੰ ਬਚਾਉਣ ਵਿਚ ਦੁਨੀਆਂ ਵਿਚ ਸਭ ਤੋਂ ਉਪਰ ਹੈ। ਭਾਰਤ 'ਚ ਤਲਾਕ ਦੇ ਮਾਮਲੇ ਸਿਰਫ਼ 1 ਫ਼ੀ ਸਦੀ ਹਨ, ਜਦਕਿ ਕਈ ਦੇਸ਼ ਅਜਿਹੇ ਹਨ ਜਿਥੇ 94 ਫ਼ੀ ਸਦੀ ਤਕ ਰਿਸ਼ਤੇ ਟੁੱਟਦੇ ਹਨ।
ਵਰਲਡ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ, ਏਸ਼ੀਆਈ ਦੇਸ਼ਾਂ ਵਿਚ ਰਿਸ਼ਤੇ ਘੱਟ ਟੁੱਟਦੇ ਹਨ, ਜਦੋਂ ਕਿ ਯੂਰਪ ਅਤੇ ਅਮਰੀਕਾ ਵਿਚ ਪ੍ਰਵਾਰ ਜ਼ਿਆਦਾ ਟੁੱਟ ਰਹੇ ਹਨ। ਰਿਪੋਰਟ ਮੁਤਾਬਕ ਭਾਰਤ ਤੋਂ ਬਾਅਦ ਵੀਅਤਨਾਮ ਦਾ ਨੰਬਰ ਹੈ, ਜਿਥੇ ਸਿਰਫ਼ 7 ਫ਼ੀ ਸਦੀ ਰਿਸ਼ਤੇ ਤਲਾਕ ਰਾਂਹੀ ਖ਼ਤਮ ਹੁੰਦੇ ਹਨ। ਇਸ ਤੋਂ ਇਲਾਵਾ ਤਜ਼ਾਕਿਸਤਾਨ 'ਚ 10 ਫ਼ੀ ਸਦੀ, ਈਰਾਨ 'ਚ 14 ਅਤੇ ਮੈਕਸੀਕੋ 'ਚ 17 ਫ਼ੀ ਸਦੀ ਰਿਸ਼ਤਿਆਂ ਦਾ ਤਲਾਕ ਹੋ ਜਾਂਦਾ ਹੈ।
ਮਿਸਰ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਤੁਰਕੀ ਅਤੇ ਕੋਲੰਬੀਆ ਵੀ ਸਭ ਤੋਂ ਘੱਟ ਤਲਾਕ ਵਾਲੇ 10 ਦੇਸ਼ਾਂ ਵਿਚ ਸ਼ਾਮਲ ਹਨ। ਇਸ ਰਿਪੋਰਟ 'ਚ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦਕਿ ਜਾਪਾਨ 'ਚ 35 ਫ਼ੀ ਸਦੀ ਰਿਸ਼ਤਿਆਂ 'ਚ ਤਲਾਕ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਜਰਮਨੀ ਵਿਚ 38 ਫ਼ੀ ਸਦੀ ਰਿਸ਼ਤੇ ਟੁੱਟਦੇ ਹਨ ਅਤੇ ਬ੍ਰਿਟੇਨ ਵਿਚ ਇਹ ਅੰਕੜਾ 41 ਫ਼ੀ ਸਦੀ ਹੈ। ਦੂਜੇ ਪਾਸੇ ਚੀਨ 'ਚ 44 ਫ਼ੀ ਸਦੀ ਵਿਆਹ ਅਜਿਹੇ ਹਨ ਜੋ ਤਲਾਕ 'ਤੇ ਖ਼ਤਮ ਹੋ ਜਾਂਦੇ ਹਨ। ਅਮਰੀਕਾ ਵਿਚ ਇਹ ਅੰਕੜਾ 45 ਫ਼ੀ ਸਦੀ ਹੈ, ਜਦੋਂ ਕਿ ਡੈਨਮਾਰਕ, ਦੱਖਣੀ ਕੋਰੀਆ ਅਤੇ ਇਟਲੀ ਵਿਚ 46 ਫ਼ੀ ਸਦੀ ਰਿਸ਼ਤੇ ਕੰਮ ਨਹੀਂ ਕਰਦੇ।
ਇਹ ਵੀ ਪੜ੍ਹੋ: ਪੁਣੇ ਦੀ 6 ਸਾਲਾ ਅਰਿਸ਼ਕਾ ਲੱਢਾ ਨੇ ਸਰ ਕੀਤਾ ਮਾਊਂਟ ਐਵਰੈਸਟ ਬੇਸ ਕੈਂਪ
ਰਿਪੋਰਟ ਦੇ ਮੁਤਾਬਕ ਰਿਸ਼ਤੇ ਕਾਇਮ ਰੱਖਣ ਵਿਚ ਸਭ ਤੋਂ ਮਾੜੇ ਦੇਸ਼ ਯੂਰਪ ਦੇ ਹਨ। ਪੁਰਤਗਾਲ ਵਿਚ ਤਲਾਕ ਦੇ 94 ਫ਼ੀ ਸਦੀ ਮਾਮਲੇ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਸਪੇਨ ਦੂਜੇ ਨੰਬਰ 'ਤੇ ਹੈ, ਜਿਥੇ 85 ਫ਼ੀ ਸਦੀ ਰਿਸ਼ਤੇ ਕੰਮ ਨਹੀਂ ਕਰਦੇ। ਇਸ ਤੋਂ ਇਲਾਵਾ ਲਕਸਮਬਰਗ ਵਿਚ 79 ਫ਼ੀ ਸਦੀ ਵਿਆਹ ਜ਼ਿੰਦਗੀ ਭਰ ਨਹੀਂ ਚਲਦੇ। ਇੰਨਾ ਹੀ ਨਹੀਂ, 73 ਫ਼ੀ ਸਦੀ ਅੰਕੜੇ ਰੂਸ ਵਿਚ ਤਲਾਕਸ਼ੁਦਾ ਹਨ ਅਤੇ ਗੁਆਂਢੀ ਦੇਸ਼ ਯੂਕ੍ਰੇਨ ਵਿਚ 70 ਫ਼ੀ ਸਦੀ ਵਿਆਹ ਟੁੱਟਦੇ ਹਨ।
ਸਮਾਜ-ਵਿਗਿਆਨੀਆਂ ਦੇ ਅਨੁਸਾਰ, ਭਾਰਤ ਵਿਚ ਲੰਬੇ ਸਮੇਂ ਤਕ ਰਿਸ਼ਤਿਆਂ ਦੇ ਕਾਇਮ ਰਹਿਣ ਦਾ ਕਾਰਨ ਸੱਭਿਆਚਾਰਕ ਪਹਿਲੂ ਹੈ, ਜਿਸ ਵਿਚ ਪ੍ਰਵਾਰਕ ਪ੍ਰਣਾਲੀ ਨੂੰ ਕਾਇਮ ਰੱਖਣ 'ਤੇ ਜ਼ੋਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਤਲਾਕ ਦੇ ਮਾਮਲੇ ਕਾਨੂੰਨੀ ਪ੍ਰਕਿਰਿਆ ਵਿਚੋਂ ਨਹੀਂ ਲੰਘਦੇ ਅਤੇ ਪਤੀ-ਪਤਨੀ ਆਪ ਹੀ ਵੱਖ-ਵੱਖ ਰਹਿਣ ਲੱਗ ਜਾਂਦੇ ਹਨ। ਇਸ ਕਾਰਨ ਕਈ ਵਾਰ ਅੰਕੜੇ ਸਾਹਮਣੇ ਨਹੀਂ ਆਉਂਦੇ। ਹਾਲਾਂਕਿ, ਇਸ ਤੋਂ ਬਾਅਦ ਵੀ, ਭਾਰਤ ਵਿਚ ਤਲਾਕ ਦੇ ਮਾਮਲੇ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹਨ।