'ਬਾਦਲ ਨੇ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ'
ਚੰਡੀਗੜ੍ਹ: ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਬੁੱਧਵਾਰ ਨੂੰ ਪਿੰਡ ਬਾਦਲ ਪਹੁੰਚ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਧਨਖੜ ਨੇ ਸਵਰਗੀ ਬਾਦਲ ਦੀ ਤਸਵੀਰ 'ਤੇ ਫੁੱਲ ਭੇਟ ਕੀਤੇ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਲਈ ਪਰਮ ਪਿਤਾ ਪ੍ਰਾਤਮਾ ਅੱਗੇ ਅਰਦਾਸ ਕੀਤੀ।
ਸ਼ਰਧਾਂਜਲੀ ਭੇਟ ਕਰਦਿਆਂ ਧਨਖੜ ਨੇ ਦੁਖੀ ਪਰਿਵਾਰ ਨੂੰ ਕਿਹਾ ਕਿ ਸਰਦਾਰ ਬਾਦਲ ਦੇ ਅਕਾਲ ਚਲਾਣੇ ਨਾਲ ਪੰਜਾਬ ਦੇ ਲੋਕਾਂ ਨੂੰ ਦੁੱਖ ਪਹੁੰਚਿਆ ਹੈ। ਇਹ ਕੋਈ ਪੰਜਾਬ ਦਾ ਘਾਟਾ ਨਹੀਂ ਸਗੋਂ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਆਪਣੇ ਜਨਤਕ ਜੀਵਨ ਵਿੱਚ ਕਿਸਾਨੀ ਅਤੇ ਗਰੀਬ ਵਰਗ ਦੀ ਭਲਾਈ ਨੂੰ ਮੁੱਖ ਰੱਖਿਆ।
ਧਨਖੜ ਨੇ ਕਿਹਾ ਕਿ ਬਾਦਲ ਨੇ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਕਿਸਾਨਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀ ਭਲਾਈ ਲਈ ਜ਼ਿਕਰਯੋਗ ਯੋਗਦਾਨ ਪਾਇਆ ਹੈ। ਧਨਖੜ ਨੇ ਕਿਹਾ ਕਿ ਬਾਦਲ ਸਾਹਿਬ ਮਿੱਟੀ ਦੇ ਪੁੱਤਰ ਸਨ, ਜੋ ਸਾਰੀ ਉਮਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਮੇਰੀ ਉਨ੍ਹਾਂ ਨਾਲ ਕਈ ਵਾਰ ਯਾਦਗਾਰੀ ਮੁਲਾਕਾਤਾਂ ਹੋਈਆਂ। ਉਨ੍ਹਾਂ ਦੀ ਮੌਤ ਨਾਲ ਮੈਨੂੰ ਹੀ ਨਹੀਂ ਬਲਕਿ ਕਿਸਾਨ ਹਿਤੈਸ਼ੀ ਸੋਚਣ ਵਾਲੇ ਹਰ ਵਿਅਕਤੀ ਨੂੰ ਠੇਸ ਪਹੁੰਚੀ ਹੈ। ਧਨਖੜ ਨੇ ਦੁਖੀ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।