
ਕੋਈ ਕਰ ਰਿਹੈ ਖ਼ੂਨਦਾਨ, ਕੋਈ ਕਰ ਰਹੇ ਅਨਾਥ ਬੱਚਿਆਂ ਦੀ ਦੇਖਭਾਲ
ਬਾਲਾਸੋਰ/ਹਾਵੜਾ: ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ’ਚ ਸ਼ੁਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਲੋਕ ਜ਼ਖ਼ਮੀਆਂ ਦੀ ਮਦਦ ਕਰਨ ਲਈ ਤੁਰਤ ਹਾਦਸੇ ਵਾਲੀ ਥਾਂ ’ਤੇ ਪੁੱਜ ਗਏ।
ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ’ਚ ਸ਼ੁਕਰਵਾਰ ਸ਼ਾਮ ਕੋਰੋਮੰਡਲ ਐਕਸਪ੍ਰੈੱਸ ਅਤੇ ਬੇਂਗਲੁਰੂ-ਹਾਵੜਾ ਐਕਸਪ੍ਰੈੱਸ ਟਰੇਨ ਦੇ ਲੀਹੋਂ ਲੱਥਣ ਅਤੇ ਇਕ ਮਾਲਗੱਡੀ ਨਾਲ ਟਕਰਾਉਣ ਨਾਲ ਜੁੜੇ ਰੇਲ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਸਨਿੱਚਰਵਾਰ ਨੂੰ ਵਧ ਕੇ 261 ਹੋ ਗਈ।
ਰਣਜੀਤ ਗਿਰੀ, ਬਿਪ੍ਰਦਾ ਬਾਗ, ਆਸ਼ਾ ਬੇਹਰਾ ਅਤੇ ਅਸ਼ੋਕ ਬੇਰਾ ਜ਼ਖ਼ਮੀਆਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਪੁੱਜਣ ਵਾਲੇ ਲੋਕਾਂ ’ਚੋਂ ਹਨ। ਇਹ ਸਾਰੇ ਬਾਲਾਸੋਰ ਜ਼ਿਲ੍ਹੇ ਦੇ ਬਾਹਾਨਗਾ ਬਾਜ਼ਾਰ ਸਟੇਸ਼ਨ ਇਲਾਕੇ ਦੇ ਵਾਸੀ ਹਨ, ਜਿੱਥੇ ਹਾਦਸਾ ਵਾਪਰਿਆ।
ਗਿਰੀ ਨੇ ਇਕ ਬੰਗਾਲੀ ਟੀ.ਵੀ. ਚੈਨਲ ਨੂੰ ਕਿਹਾ, ‘‘ਮੈਂ ਸ਼ਾਮ ਲਗਭਗ ਸੱਤ ਵਜੇ ਅਪਣੇ ਮਿੱਤਰਾਂ ਨਾਲ ਨੇੜੇ ਹੀ ਚਾਹ ਦੀ ਇਕ ਦੁਕਾਨ ’ਤੇ ਸੀ। ਮੈਂ ਅਚਾਨਕ ਜ਼ੋਰਦਾਰ ਆਵਾਜ਼ ਅਤੇ ਉਸ ਤੋਂ ਬਾਅਦ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਅਸੀਂ ਘਟਨਾ ਵਾਲੀ ਥਾਂ ਵਲ ਭੱਜੇ ਅਤੇ ਜੋ ਵੇਖਿਆ, ਉਸ ਨੂੰ ਵੇਖ ਕੇ ਸਾਡੇ ਰੌਂਗਟੇ ਖੜੇ ਹੋ ਗਏ। ਸਮਾਂ ਬਰਬਾਦ ਕੀਤੇ ਬਗ਼ੈਰ ਅਸੀਂ ਜ਼ਖ਼ਮੀਆਂ ਨੂੰ ਬਚਾਉਣ ’ਚ ਲਗ ਗਏ। ਅਸੀਂ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੂੰ ਵੀ ਹਾਦਸੇ ਦੀ ਜਾਣਕਾਰੀ ਦਿਤੀ।’’
ਬਾਗ ਨੇ ਇਕ ਹੋਰ ਚੈਨਲ ’ਤੇ ਕਿਹਾ, ‘‘ਅਸੀਂ ਲਗਭਗ 50 ਜ਼ਖ਼ਮੀਆਂ ਨੂੰ ਬਚਾਇਆ ਅਤੇ ਯਾਤਰੀਆਂ ਨੂੰ ਅਪਣੀਆਂ ਗੱਡੀਆਂ ਰਾਹੀਂ ਸਥਾਨਕ ਹਸਪਤਾਲਾਂ ’ਚ ਪਹੁੰਚਾਇਆ। ਹਾਦਸੇ ’ਚ ਜਿਊਂਦਾ ਬਚੇ ਕੁਝ ਲੋਕ ਅਪਣੇ ਰਿਸ਼ਤੇਦਾਰਾਂ ਨੂੰ ਲੱਭ ਰਹੇ ਸਨ, ਪਰ ਬਹੁਤ ਹਨੇਰਾ ਹੋਣ ਕਰਕੇ ਅਸੀਂ ਉਨ੍ਹਾਂ ਦੀ ਮਦਦ ਨਹੀਂ ਕਰ ਸਕੇ।’’
ਅਸ਼ੋਕ ਬੇਰਾ (60) ਖ਼ੂਨਦਾਨ ਕਰਨ ਤੋਂ ਬਾਅਦ ਹਸਪਤਾਲ ਗਏ।
ਉਨ੍ਹਾਂ ਕਿਹਾ, ‘‘ਮੈਂ ਖ਼ੂਨਦਾਨ ਕਰਨ ਪੁੱਜਾ, ਪਰ ਮੇਰੀ ਉਮਰ ਕਰਕੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ। ਇਸ ਤੋਂ ਬਾਅਦ ਮੈਂ ਅਪਣੀ ਬੇਟੀ ਅਤੇ ਰਿਸ਼ਤੇਦਾਰਾਂ ਨੂੰ ਹਸਪਤਾਲ ਪਹੁੰਚ ਕੇ ਖ਼ੂਨਦਾਨ ਕਰਨ ਨੂੰ ਕਿਹਾ।’’
ਬੇਰਾ ਨੂੰ ਹਾਦਸੇ ’ਚ ਜਿਊਂਦਾ ਬਚੇ ਯਾਤਰੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀ ਫ਼ੋਨ ’ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਨ ’ਚ ਮਦਦ ਕਰਦਿਆਂ ਵੇਖਿਆ ਗਿਆ।
ਉਨ੍ਹਾਂ ਨੇ ਇਕ ਹਿੰਦੀ ਨਿਊਜ਼ ਚੈਨਲ ਨੂੰ ਕਿਹਾ, ‘‘ਇਨ੍ਹਾਂ ’ਚ ਜ਼ਿਆਦਾਤਰ ਯਾਤਰੀਆਂ ਦਾ ਮੋਬਾਈਲ ਗੁਆਚ ਗਿਆ ਹੈ ਅਤੇ ਉਹ ਅਪਣੇ ਪਰਿਵਾਰ ਨੂੰ ਫ਼ੋਨ ਕਰ ਕੇ ਅਪਣੀ ਹਾਲਤ ਬਾਰੇ ਨਹੀਂ ਦੱਸ ਸਕੇ। ਮੈਂ ਇਸ ’ਚ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ।’’
ਆਸ਼ਾ ਬੇਰਾ ਨੂੰ ਦੋ ਬੱਚਿਆਂ ਦੀ ਦੇਖਭਾਲ ਕਰਦਿਆਂ ਵੇਖਿਆ ਗਿਆ, ਜਿਨ੍ਹਾਂ ਦੇ ਮਾਤਾ-ਪਿਤਾ ਦਾ ਅਜੇ ਤਕਾ ਨਹੀਂ ਲਗ ਸਕਿਆ ਹੈ।
ਉਨ੍ਹਾਂ ਇੱਕ ਨਿਊਜ਼ ਚੈਨਲ ਨੂੰ ਕਿਹਾ, ‘‘ਮੈਂ ਇਸ ਬੱਚੇ ਨੂੰ ਹਾਦਸੇ ਵਾਲੀ ਥਾਂ ਤੋਂ ਬਚਾਇਆ ਅਤੇ ਉਸ ਨੂੰ ਹਸਪਤਾਲ ਲੈ ਕੇ ਗਈ। ਇੱਥੇ ਮੈਂ ਇਕ ਕੁੜੀ ਨੂੰ ਮਿਲੀ, ਜੋ ਅਪਣੇ ਮਾਤਾ-ਪਿਤਾ ਨੂੰ ਨਹੀਂ ਲੱਭ ਸਕੀ। ਅਸੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’