
ਖ਼ੁਦਕੁਸ਼ੀ ਦੀ ਕੋਸ਼ਿਸ਼ ਮਗਰੋਂ ਹੋਈ ਫਰਾਰ, ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ
ਮਿਰਜ਼ਾਪੁਰ (ਉੱਤਰ ਪ੍ਰਦੇਸ਼): ਮਿਰਜ਼ਾਪੁਰ ਜ਼ਿਲ੍ਹੇ ਦੇ ਸੰਤ ਨਗਰ ਥਾਣਾ ਖੇਤਰ ’ਚ ਸਨਿਚਰਵਾਰ ਸਵੇਰੇ ਇਕ ਔਰਤ ਨੇ ਪਤੀ ਨਾਲ ਲੜਾਈ ਹੋਣ ਕਰਕੇ ਕਥਿਤ ਤੌਰ ’ਤੇ ਅਪਣੇ ਤਿੰਨ ਬੱਚਿਆਂ ਨੂੰ ਖੂਹ ’ਚ ਸੁਟ ਦਿਤਾ, ਜਿਸ ’ਚ ਤਿੰਨਾਂ ਦੀ ਮੌਤ ਹੋ ਗਈ।
ਪੁਲਿਸ ਨੇ ਦਸਿਆ ਕਿ ਮੁਲਜ਼ਮ ਔਰਤ ਵਿਰੁਧ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ ਔਰਤ ਨੇ ਖ਼ੁਦ ਨੂੰ ਵੀ ਅੱਗ ਲਾ ਲਈ ਸੀ ਪਰ ਉਹ ਬਚ ਗਈ ਹੈ।
ਅਪਰ ਪੁਲਿਸ ਸੂਪਰਡੈਂਟ ਓ.ਪੀ. ਸਿੰਘ ਨੇ ਦਸਿਆ ਕਿ ਅਪਣੇ ਤਿੰਨ ਬੱਚਿਆਂ ਨੂੰ ਖੂਹ ’ਚ ਸੁੱਟਣ ਦੀ ਮੁਲਜ਼ਮ ਚੰਦਾ ਵਿਰੁਧ ਸਬੰਧਤ ਧਾਰਾਵਾਂ ’ਚ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇ ਮਾਰ ਰਹੀ ਹੈ।
ਪੁਲਿਸ ਅਨੁਸਾਰ ਪਿੰਡ ਪਜਰਾ ਵਾਸੀ ਅਮਰਜੀਤ ਕੋਲ ਦੇ ਬੱਚੇ ਆਕਾਸ਼ (8), ਕਰਿਤਿ (2) ਅਤੇ ਅਨੁ (1) ਦੀ ਖੂਹ ’ਚ ਡਿੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਤੁਰਤ ਮੌਕੇ ’ਤੇ ਪੁੱਜੇ। ਪੁਲਿਸ ਨੇ ਬਚਾਅ ਮੁਹਿੰਮ ਸ਼ੁਰੂ ਕਰਦਿਆਂ ਕਰਿਤਿ ਅਤੇ ਅਨੁ ਦੀਆਂ ਲਾਸ਼ਾਂ ਨੂੰ ਖੂਹ ਤੋਂ ਬਾਹਰ ਕਢਿਆ, ਜਦਕਿ ਆਕਾਸ਼ ਦੀ ਲਾਸ਼ ਕਾਫ਼ੀ ਭਾਲ ਮਗਰੋਂ ਕੱਢੀ ਜਾ ਸਕੀ।
ਅਮਰਜੀਤ ਦੀ ਪਤਨੀ ਚੰਦਾ ਅਪਣੇ ਤਿੰਨੇ ਬੱਚਿਆਂ ਨਾਲ ਰਹਿੰਦੀ ਸੀ। ਪਤੀ-ਪਤਨੀ ਦੇ ਰਿਸ਼ਤੇ ਚੰਗੇ ਨਹੀਂ ਹਨ। ਅਮਰਜੀਤ ਪੇਸ਼ੇ ਤੋਂ ਮਜ਼ਦੂਰ ਹੈ, ਜਦਕਿ ਚੰਦਾ ਘਰ ’ਚ ਹੀ ਰਹਿੰਦੀ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਦੋਹਾਂ ’ਚ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਸੀ, ਇਸੇ ਤੋਂ ਅੱਕ ਕੇ ਔਰਤ ਨੇ ਅਪਣੇ ਤਿੰਨੇ ਬੱਚਿਆਂ ਨੂੰ ਖੂਹ ’ਚ ਸੁਟ ਦਿਤਾ।