
ਉੱਤਰੀ ਦਿੱਲੀ ਦੇ ਬੁਰਾੜੀ ਵਿਚ ਘਰ ਵਿਚ ਮਰੇ ਹੋਏ ਮਿਲੇ 11 ਜੀਆਂ ਵਿਚੋਂ ਅੱਠ ਦੇ ਪੋਸਟਮਾਰਟਮ ਵਿਚ ਸੰਘਰਸ਼ ਦੇ ਕੋਈ ਸੰਕੇਤ.....
ਨਵੀਂ ਦਿੱਲੀ : ਉੱਤਰੀ ਦਿੱਲੀ ਦੇ ਬੁਰਾੜੀ ਵਿਚ ਘਰ ਵਿਚ ਮਰੇ ਹੋਏ ਮਿਲੇ 11 ਜੀਆਂ ਵਿਚੋਂ ਅੱਠ ਦੇ ਪੋਸਟਮਾਰਟਮ ਵਿਚ ਸੰਘਰਸ਼ ਦੇ ਕੋਈ ਸੰਕੇਤ ਨਹੀਂ ਮਿਲੇ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਸਾਰਿਆਂ ਦੀ ਮੌਤ ਫਾਹੇ ਲੱਗਣ ਨਾਲ ਹੋਈ ਹੈ। ਅਧਿਕਾਰੀ ਮੁਤਾਬਕ ਦੋ ਬੱਚਿਆਂ ਅਤੇ ਬਜ਼ੁਰਗ ਔਰਤ ਨਾਰਾਇਣ ਦੇਵੀ ਸਮੇਤ ਅੱਠ ਜਣਿਆਂ ਦਾ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਹੁਣ ਤਕ ਪੁਲਿਸ ਨੂੰ ਗਲਾ ਘੁਟਣ ਜਾਂ ਹੱਥੋਪਾਈ ਦੇ ਕੋਈ ਸੰਕੇਤ ਨਹੀਂ ਮਿਲੇ। ਪੁਲਿਸ ਨੇ ਦਸਿਆ ਕਿ ਦਸ ਜਣੇ ਲੋਹੇ ਦੇ ਜਾਲ ਵਿਚ ਫਾਂਸੀ ਨਾਲ ਲਟਕੇ ਸਨ ਜਦਕਿ 77 ਸਾਲਾ ਔਰਤ ਘਰ ਦੇ ਇਕ ਹੋਰ ਕਮਰੇ ਵਿਚ ਮਰੀ ਹੋਈ ਮਿਲੀ ਸੀ।
ਪਹਿਲਾਂ ਸ਼ੱਕ ਸੀ ਕਿ ਨਾਰਾਇਣ ਦੇਵੀ ਦੀ ਮੌਤ ਗਲ ਘੁਟਣ ਨਾਲ ਹੋਈ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਵੀ ਫਾਹੇ ਲੱਗਣ ਨਾਲ ਹੋਈ ਹੈ ਕਿਉਂਕਿ ਰੱਸੀ ਉਸ ਦੀ ਲਾਸ਼ ਨਾਲ ਲਟਕੀ ਹੋਈ ਮਿਲੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਉਸ ਦੇ ਗਲ ਦੀ ਰੱਸੀ ਨੂੰ ਕਢਿਆ ਕਿਸ ਨੇ ਹੋਵੇਗਾ? ਅਧਿਕਾਰੀਆਂ ਮੁਤਾਬਕ ਲਗਦਾ ਹੈ ਕਿ ਸਾਰਿਆਂ ਦੀ ਮੌਤ ਫਾਹੇ ਲੱਗਣ ਨਾਲ ਹੋਈ। ਘਟਨਾ ਸਥਾਨ ਤੋਂ ਕੁੱਝ ਕਾਗ਼ਜ਼ ਮਿਲੇ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ
ਕਿ ਪਰਵਾਰ ਜਾਦੂ-ਟੂਣੇ ਦੇ ਚੱਕਰ ਵਿਚ ਫਸਿਆ ਹੋਇਆ ਸੀ ਤੇ ਮੌਤਾਂ ਦਾ ਕਾਰਨ ਸ਼ਾਇਦ ਇਹੋ ਹੈ। ਕਾਗ਼ਜ਼ਾਂ 'ਤੇ ਲਿਖਿਆ ਹੈ, 'ਕੋਈ ਮਰੇਗਾ ਨਹੀਂ ਸਗੋਂ ਕੁੱਝ ਮਹਾਨ ਹਾਸਲ ਕਰ ਲਵੇਗਾ।' ਸਾਰਿਆਂ ਦੇ ਚਿਹਰਿਆਂ 'ਤੇ ਟੇਪਾਂ ਲੱਗੀਆਂ ਹੋਈਆਂ ਸਨ। ਬਜ਼ੁਰਗ ਔਰਤ ਦਾ ਚਿਹਰਾ ਢਕਿਆ ਹੋਇਆ ਨਹੀਂ ਸੀ। (ਏਜੰਸੀ)