
ਸੀਨੀਅਰ ਭਾਜਪਾ ਆਗੂ ਉਮਾ ਭਾਰਤੀ ਅਯੋਧਿਆ ਵਿਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਵੀਰਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਹੋਈ।
ਨਵੀਂ ਦਿੱਲੀ, 2 ਜੁਲਾਈ : ਸੀਨੀਅਰ ਭਾਜਪਾ ਆਗੂ ਉਮਾ ਭਾਰਤੀ ਅਯੋਧਿਆ ਵਿਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਵੀਰਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਹੋਈ। ਉਹ ਇਸ ਮਾਮਲੇ ਵਿਚ ਅਦਾਲਤ ਵਿਚ ਬਿਆਨ ਦਰਜ ਕਰਾਉਣ ਵਾਲੀ 19ਵੀਂ ਮੁਲਜ਼ਮ ਹੈ। ਉਸ ਨੂੰ ਵਿਸ਼ੇਸ਼ ਸੀਬੀਆਈ ਜੱਜ ਐਸ ਕੇ ਯਾਦਵ ਦੀ ਅਦਾਲਤ ਵਿਚ ਦਿਤੇ ਗਏ ਅਪਣੇ ਬਿਆਨ ਵਿਚ ਕਿਹਾÇ ਕ 1992 ਵਿਚ ਕੇਂਦਰ ਦੀ ਵੇਲੇ ਦੀ ਕਾਂਗਰਸ ਸਰਕਾਰ ਨੇ ਰਾਜਸ਼ੀ ਬਦਲੇ ਦੀ ਭਾਵਨਾ ਨਾਲ ਉਸ ਵਿਰੁਧ ਬਾਬਰੀ ਢਾਹੁਣ ਦਾ ਇਲਜ਼ਾਮ ਮੜਿ੍ਹਆ ਸੀ ਅਤੇ ਉਹ ਬਿਲਕੁਲ ਬੇਕਸੂਰ ਹੈ।
ਉਸ ਨੇ ਕਿਹਾ ਕਿ ਵੇਲੇ ਦੀ ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਅਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਉਸ ਅਤੇ ਹੋਰਾਂ ਵਿਰੁਧ ਮੁਕੱਦਮਾ ਦਰਜ ਕੀਤਾ ਅਤੇ ਸਾਰਿਆਂ ਨੂੰ ਰਾਜਸੀ ਦਬਾਅ ਹੇਠ ਗ਼ਲਤ ਢੰਗ ਨਾਲ ਫਸਾਇਆ ਗਿਆ। ਉਮਾ ਨੇ ਇਸ ਮਾਮਲੇ ਵਿਚ ਸੀਬੀਆਈ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਬਾਰੇ ਕਿਹਾ ਕਿ ਇਹ ਸੱਭ ਰਾਜਸੀ ਦੁਸ਼ਮਣੀ ਕਾਰਨ ਕੀਤਾ ਗਿਆ ਹੈ।
File Photo
ਹਾਲਾਂਕਿ ਅਦਾਲਤ ਦੇ ਬਾਹਰ ਆ ਕੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਮ ਮੰਦਰ ਮੁਹਿੰਮ ਨਾਲ ਜੁੜ ਕੇ ਉਹ ਖ਼ੁਦ ਨੂੰ ਮਾਣਮੱਤਾ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਤਾਂ ਰਾਮ ਭਗਤ ਹਾਂ ਅਤੇ ਰਾਮ ਭਗਤੀ ਦੀ ਭਾਵਨਾ ਨਾਲ ਮੈਂ ਇਸ ਮੁਹਿੰਮ ਵਿਚ ਹਿੱਸਾ ਲਿਆ।’ ਭਾਰਤੀ ਨੇ ਅਦਾਲਤ ਵਿਚ ਦਿਤੇ ਗਏ ਬਿਆਨ ਬਾਰੇ ਕੁੱਝ ਨਹੀਂ ਦਸਿਆ। ਉਨ੍ਹਾਂ ਕਿਹਾ, ‘ਮੈਂ ਭਾਰਤ ਦੇ ਕਾਨੂੰਨ ਨੂੰ ਵੇਦਾਂ ਵਾਂਗ ਮੰਨਦੀ ਹਾਂ।
ਅਦਾਲਤ ਇਕ ਮੰਦਰ ਹੈ ਅਤੇ ਉਸ ਵਿਚ ਬੈਠੇ ਹੋਏ ਜੱਜ ਨੂੰ ਮੈਂ ਭਗਵਾਨ ਵਾਂਗ ਮੰਨਦੀ ਹਾਂ। ਉਨ੍ਹਾਂ ਸਾਹਮਣੇ ਮੈਂ ਜੋ ਗੱਲਾਂ ਕਹੀਆਂ ਹਨ, ਉਨ੍ਹਾਂ ਬਾਰੇ ਮੈਂ ਕੋਈ ਟਿਪਣੀ ਨਹੀਂ ਕਰ ਸਕਦੀ ਕਿਉਂਕਿ ਸਾਰੇ ਗੱਲਾਂ ਬਾਰੇ ਫ਼ੈਸਲਾ ਆਉਣਾ ਬਾਕੀ ਹੈ।’ ਉਨ੍ਹਾਂ ਕਿਹਾ, ‘ਮੈਂ ਏਨਾ ਜ਼ਰੂਰ ਕਹਾਂਗੀ ਕਿ ਇਹ 500 ਸਾਲ ਤਕ ਚਲੀ ਲੰਮੀ ਲੜਾਈ ਹੈ। ਸ਼ਾਇਦ ਹੀ ਸੰਸਾਰ ਦੀ ਕੋਈ ਮੁਹਿੰਮ ਅਜਿਹੀ ਰਹੀ ਹੋਵੇ ਜਿਸ ਨੇ ਪੰਜ ਸ਼ਤਾਬਦੀਆਂ ਪਾਰ ਕੀਤੀਆਂ ਹੋਣ।’ ਵਿਸ਼ੇਸ਼ ਅਦਾਲਤ ਮਾਮਲੇ ਦੀ ਸੁਣਵਾਈ 31 ਅਗੱਸਤ ਤਕ ਪੂਰੀ ਕਰਨ ਲਈ ਰੋਜ਼ਾਨਾ ਕੰਮ ਕਰ ਰਹੀ ਹੈ ਅਤੇ 32 ਜਣਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। (ਏਜੰਸੀ)