
ਹੁਣ ਇਸ ਮੈਟਰੋ ਸਟੇਸ਼ਨ ਨੂੰ ਮਿਲੇਨੀਅਮ ਸਿਟੀ ਸੈਂਟਰ ਵਜੋਂ ਜਾਣਿਆ ਜਾਵੇਗਾ
ਨਵੀਂ ਦਿੱਲੀ : ਗੁਰੂਗ੍ਰਾਮ ਦੇ ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਦਾ ਨਾਮ ਬਦਲ ਦਿਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਹ ਫੈਸਲਾ ਲਿਆ ਹੈ। ਹੁਣ ਇਸ ਮੈਟਰੋ ਸਟੇਸ਼ਨ ਨੂੰ ਮਿਲੇਨੀਅਮ ਸਿਟੀ ਸੈਂਟਰ ਵਜੋਂ ਜਾਣਿਆ ਜਾਵੇਗਾ। ਪਹਿਲੇ ਸੋਮਵਾਰ ਨੂੰ ਹੀ ਇਸ ਸਟੇਸ਼ਨ ਦਾ ਨਾਂ ਬਦਲ ਕੇ ਗੁਰੂਗ੍ਰਾਮ ਸਿਟੀ ਸੈਂਟਰ ਕਰ ਦਿੱਤਾ ਗਿਆ ਸੀ। ਕੁਝ ਘੰਟਿਆਂ ਬਾਅਦ, DMRC ਨੇ ਇਸ ਸਟੇਸ਼ਨ ਦਾ ਨਾਮ ਬਦਲ ਕੇ ਮਿਲੇਨੀਅਮ ਸਿਟੀ ਸੈਂਟਰ ਕਰ ਦਿਤਾ ਹੈ। ਇਹ ਮੈਟਰੋ ਸਟੇਸ਼ਨ ਯੈਲੋ ਲਾਈਨ 'ਤੇ ਹੈ।
ਡੀ.ਐਮ.ਆਰ.ਸੀ. ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਕਿਹਾ ਗਿਆ ਹੈ ਕਿ ਯੈਲੋ ਲਾਈਨ 'ਤੇ ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਦਾ ਨਾਮ ਬਦਲਣ ਬਾਰੇ ਪਹਿਲਾਂ ਕੀਤੇ ਐਲਾਨ ਨੂੰ ਬਦਲ ਦਿਤਾ ਗਿਆ ਹੈ। ਹੁਣ ਡੀ.ਐਮ.ਆਰ.ਸੀ. ਅਧਿਕਾਰੀਆਂ ਵਲੋਂ ਸਟੇਸ਼ਨ ਦਾ ਨਾਂ ਬਦਲ ਕੇ ਮਿਲੇਨੀਅਮ ਸਿਟੀ ਸੈਂਟਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟਵੀਟ 'ਚ ਕਿਹਾ ਗਿਆ ਕਿ ਸਾਰੇ ਅਧਿਕਾਰਤ ਦਸਤਾਵੇਜ਼ਾਂ, ਸੰਕੇਤਾਂ, ਘੋਸ਼ਣਾਵਾਂ ਆਦਿ 'ਚ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਹੌਲੀ-ਹੌਲੀ ਇਸ ਨੂੰ ਬਦਲਿਆ ਜਾਵੇਗਾ।
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਹੈ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਡੀ.ਐਮ.ਆਰ.ਸੀ. ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿਚ ਡੀ.ਐਮ.ਆਰ.ਸੀ. ਨੇ ਯਾਤਰੀਆਂ ਨੂੰ ਮੈਟਰੋ ਵਿਚ ਸੀਲਬੰਦ ਸ਼ਰਾਬ ਦੀਆਂ ਬੋਤਲਾਂ ਲਿਜਾਣ ਦੀ ਇਜਾਜ਼ਤ ਦਿਤੀ ਹੈ। ਹਾਲਾਂਕਿ, ਇਸ ਬਾਰੇ ਡੀ.ਐਮ.ਆਰ.ਸੀ. ਨੇ ਕਿਹਾ ਹੈ ਕਿ ਯਾਤਰੀ ਮੈਟਰੋ ਵਿਚ ਸ਼ਰਾਬ ਦੀਆਂ ਬੋਤਲਾਂ ਉਦੋਂ ਹੀ ਲਿਜਾ ਸਕਣਗੇ ਜਦੋਂ ਉਨ੍ਹਾਂ ਨੂੰ ਸੀਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੀ.ਐਮ.ਆਰ.ਸੀ. ਨੇ ਇਹ ਵੀ ਕਿਹਾ ਹੈ ਕਿ ਯਾਤਰੀ ਆਪਣੇ ਨਾਲ ਸ਼ਰਾਬ ਦੀਆਂ ਸਿਰਫ਼ ਦੋ ਬੋਤਲਾਂ ਲੈ ਕੇ ਜਾ ਸਕਣਗੇ। ਇਸ ਤੋਂ ਵੱਧ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਇਸ ਤੋਂ ਪਹਿਲਾਂ, ਡੀ.ਐਮ.ਆਰ.ਸੀ. ਨੇ ਯਾਤਰਾ ਲਈ ਯਾਤਰੀਆਂ ਲਈ QR ਕੋਡ ਟਿਕਟਾਂ ਸ਼ੁਰੂ ਕੀਤੀਆਂ ਹਨ। ਇਸ ਸਹੂਲਤ ਦੇ ਤਹਿਤ ਯਾਤਰੀ ਟਿਕਟ 'ਤੇ QR ਕੋਡ ਨੂੰ ਸਕੈਨ ਕਰ ਕੇ ਆਸਾਨੀ ਨਾਲ ਸਟੇਸ਼ਨ 'ਤੇ ਦਾਖ਼ਲ ਹੋ ਸਕਦੇ ਹਨ। ਇਸ ਦੇ ਨਾਲ ਹੀ, ਜਿਵੇਂ ਹੀ ਯਾਤਰੀ ਆਪਣੀ ਮੰਜ਼ਿਲ ਸਟੇਸ਼ਨ 'ਤੇ ਪਹੁੰਚਦਾ ਹੈ, ਉਹ ਉਸੇ QR ਕੋਡ ਨੂੰ ਦੁਬਾਰਾ ਸਕੈਨ ਕਰਦਾ ਹੈ ਅਤੇ ਮੈਟਰੋ ਸਟੇਸ਼ਨ ਛੱਡ ਦਿੰਦਾ ਹੈ। ਇਸ ਦੇ ਨਾਲ ਹੀ ਦਿੱਲੀ ਮੈਟਰੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਯਾਤਰੀਆਂ ਨੂੰ ਯਾਤਰਾ ਦੌਰਾਨ ਸ਼ਿਸ਼ਟਾਚਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਟਰੋ ਦੇ ਅੰਦਰ ਕਿਸੇ ਵੀ ਅਸ਼ਲੀਲ ਹਰਕਤ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।