
ਪਿਤਾ ਨੇ ਪੁਲਿਸ ਨੂੰ ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਦੀ ਅਪੀਲ ਕੀਤੀ ਹੈ।
ਪਾਣੀਪਤ : ਪਾਣੀਪਤ ਸ਼ਹਿਰ ਦੀ ਈਦਗਾਹ ਕਾਲੋਨੀ ਤੋਂ 12 ਸਾਲਾ ਨਾਬਾਲਗ ਲੜਕੀ ਆਪਣੇ 9 ਸਾਲਾ ਭਰਾ ਸਮੇਤ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ। ਦੋਵੇਂ ਪਿਤਾ ਦੇ ਪਿੱਛੇ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਪਿੰਡ ਭੀਰਵਾ ਵਿਚ ਆਪਣੀ ਦਾਦੀ ਨੂੰ ਮਿਲਣ ਲਈ ਨਿਕਲੇ ਸਨ, ਪਰ ਨਾ ਤਾਂ ਆਪਣੀ ਦਾਦੀ ਕੋਲ ਪਹੁੰਚੇ ਅਤੇ ਨਾ ਹੀ ਆਪਣੇ ਪਿਤਾ ਕੋਲ ਵਾਪਸ ਆਏ। ਪਿਤਾ ਨੇ ਥਾਣਾ ਮਾਡਲ ਟਾਊਨ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਬੱਚੂ ਲਾਲ ਉਰਫ਼ ਰਾਜੂ ਨੇ ਦਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਪਿੰਡ ਭੀਰਵਾ ਦਾ ਰਹਿਣ ਵਾਲਾ ਹੈ। ਹਾਲ ਹੀ 'ਚ ਈਦਗਾਹ ਕਾਲੋਨੀ 'ਚ ਗੌਰੀਸ਼ੰਕਰ ਮੰਦਰ ਨੇੜੇ ਕਿਰਾਏ 'ਤੇ ਰਹਿੰਦਾ ਹੈ। ਉਸ ਨੇ ਦਸਿਆ ਕਿ ਉਸ ਦੇ 5 ਬੇਟੇ ਅਤੇ ਇੱਕ ਬੇਟੀ ਹੈ। ਉਸ ਦੀ ਪਤਨੀ ਦਾ ਕਰੀਬ 8 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਬੇਟੀ ਪ੍ਰਿਆ ਦੀ ਉਮਰ 12 ਸਾਲ ਹੈ, ਜਦਕਿ ਚੌਥਾ ਬੇਟਾ ਵਿਸ਼ਾਲ 9 ਸਾਲ ਦਾ ਹੈ। ਦੋਵੇਂ ਆਪਣੀ ਦਾਦੀ ਦੇ ਕੋਲ ਪਿੰਡ ਵਿਚ ਰਹਿੰਦੇ ਸਨ।
ਉਹ ਮਈ ਮਹੀਨੇ ਵਿਚ ਵੀ ਪਿੰਡ ਗਿਆ ਸੀ ਅਤੇ 29 ਜੂਨ ਨੂੰ ਆਪਣੇ ਲੜਕੇ ਅਤੇ ਧੀ ਨੂੰ ਆਪਣੇ ਨਾਲ ਪਾਣੀਪਤ ਲੈ ਕੇ ਆਇਆ ਸੀ। ਬੱਚੂ ਲਾਲ ਨੇ ਦਸਿਆ ਕਿ ਮਨ ਨਾ ਲੱਗਣ ਕਾਰਨ 1 ਜੁਲਾਈ ਨੂੰ ਦੋਵੇਂ ਬੱਚੇ ਸਵੇਰੇ 6 ਵਜੇ ਦੇ ਕਰੀਬ ਅਪਣੀ ਦਾਦੀ ਨੂੰ ਮਿਲਣ ਲਈ ਚਲੇ ਗਏ। ਉਹ ਕਿਸੇ ਤਰ੍ਹਾਂ ਸੰਜੇ ਚੌਕ ਤੋਂ ਉਨ੍ਹਾਂ ਨੂੰ ਲੱਭ ਕੇ ਵਾਪਸ ਲੈ ਆਇਆ। ਇਸ ਤੋਂ ਬਾਅਦ ਬੱਚੇ ਕਹਿ ਰਹੇ ਸਨ ਕਿ ਸਾਡਾ ਮਨ ਨਹੀਂ ਲੱਗ ਰਿਹਾ ਹੈ। ਸਾਨੂੰ ਦਾਦੀ ਕੋਲ ਲੈ ਚੱਲੋ, ਅਸੀਂ ਇੱਥੇ ਨਹੀਂ ਰਹਾਂਗੇ।
ਬੱਚੇ ਵਾਰ-ਵਾਰ ਕਹਿ ਰਹੇ ਸਨ ਕਿ ਜੇ ਸਾਨੂੰ ਦਾਦੀ ਕੋਲ ਨਾ ਭੇਜਿਆ ਤਾਂ ਅਸੀਂ ਭੱਜ ਜਾਵਾਂਗੇ। ਬੱਚੂ ਲਾਲ ਨੇ ਦਸਿਆ ਕਿ ਉਸੇ ਦਿਨ ਬਾਅਦ ਦੁਪਹਿਰ ਕਰੀਬ 3:30 ਵਜੇ ਦੋਵੇਂ ਬੱਚੇ ਪ੍ਰਿਆ ਅਤੇ ਵਿਸ਼ਾਲ ਘਰੋਂ ਚਲੇ ਗਏ। ਉਸ ਨੇ ਦੋਵੇਂ ਬੱਚਿਆਂ ਦੀ ਆਸ-ਪਾਸ ਕਲੋਨੀ, ਸ਼ਹਿਰ ਅਤੇ ਰਿਸ਼ਤੇਦਾਰੀ ਵਿਚ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਉਸ ਨੇ ਪੁਲਿਸ ਨੂੰ ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਦੀ ਅਪੀਲ ਕੀਤੀ ਹੈ।