
ਕੇਰਲ ਦੇ ਅਲੁਵਾ ਸ਼ਹਿਰ ਨੇੜੇ ਅਪਣੇ ਘਰ 'ਚ ਤਿੰਨ ਸਾਲ ਦੇ ਬੱਚੇ ਨੇ ਇਕ ਸਿੱਕਾ ਨਿਗਲ ਲਿਆ,
ਕੋਚੀ, 2 ਅਗੱਸਤ : ਕੇਰਲ ਦੇ ਅਲੁਵਾ ਸ਼ਹਿਰ ਨੇੜੇ ਅਪਣੇ ਘਰ 'ਚ ਤਿੰਨ ਸਾਲ ਦੇ ਬੱਚੇ ਨੇ ਇਕ ਸਿੱਕਾ ਨਿਗਲ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਜਿਨ੍ਹਾਂ ਸਰਕਾਰੀ ਹਸਪਤਾਲਾਂ 'ਚ ਬੱਚੇ ਨੂੰ ਲਿਜਾਇਆ ਗਿਆ, ਉਥੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਕਿਉਂਕਿ ਉਹ ਕੋਵਿਡ-19 ਕੰਟੇਨਮੈਂਟ ਜ਼ੋਨ ਤੋਂ ਆਇਆ ਸੀ। ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਘਟਨਾ ਨੂੰ ਬੇਹੱਦ ਮੰਦਭਾਗੀ ਦਸਿਆ ਅਤੇ ਪ੍ਰਧਾਨ ਸਕੱਤਰ ਨੂੰ ਪੂਰੀ ਜਾਂਚ ਕਰ ਕੇ ਇਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿਤਾ ਹੈ।
ਉਨ੍ਹਾਂ ਨੇ ਇਕ ਬਿਆਨ 'ਚ ਦਸਿਆ ਕਿ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੱਚੇ ਦੇ ਪਰਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਕਿਉਂਕਿ ਉਹ ਅਲੁਵਾ ਨੇੜੇ ਕਦੁੰਗਲੁਰ ਦਾ ਰਹਿਣ ਵਾਲਾ ਸੀ, ਜੋ ਕੋਵਿਡ-19 ਕੰਟੇਨਮੈਂਟ ਜ਼ੋਨ 'ਚ ਆਉਂਦਾ ਹੈ। ਉਨ੍ਹਾਂ ਦਸਿਆ ਕਿ ਸਿੱਕਾ ਨਿਗਲਣ ਦੀ ਇਹ ਘਟਨਾ ਸਨਿਚਰਵਾਰ ਸਵੇਰੇ ਹੋਈ, ਜਿਸ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਉਸ ਨੂੰ ਅਲੁਵਾ ਸਰਕਾਰੀ ਹਸਪਤਾਲ ਲੈ ਕੇ ਗਏ, ਜਿਥੇ ਐਕਸ-ਰੇਅ ਕੀਤਾ ਗਿਆ।
ਉਧਰ ਇਕ ਸੀਨੀਅਰ ਡਾਕਟਰ ਨੇ ਦਾਅਵਾ ਕੀਤਾ ਕਿ ਮੁੰਡੇ ਨੂੰ ਹਸਪਤਾਲ 'ਚ ਇਸ ਲਈ ਦਾਖ਼ਲ ਨਹੀਂ ਕੀਤਾ ਗਿਆ ਕਿ ਕੋਈ ਬਾਲ ਡਾਕਟਰ ਨਹੀਂ ਸੀ ਅਤੇ ਉਸ ਨੂੰ ਐਰਨਾਕੁਲਮ ਜਨਰਲ ਹਸਪਤਾਲ ਭੇਜ ਦਿਤਾ ਗਿਆ। ਉਥੇ ਵੀ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ। ਖ਼ਬਰ ਹੈ ਕਿ ਡਾਕਟਰਾਂ ਨੇ ਮਾਤਾ-ਪਿਤਾ ਨੂੰ ਬੱਚੇ ਨੂੰ ਫਲ ਖੁਆਉਣ ਦੀ ਸਲਾਹ ਦਿਤੀ। ਉਨ੍ਹਾਂ ਅਨੁਸਾਰ ਅਜਿਹਾ ਕਰਨ 'ਤੇ ਟਾਇਲਟ ਰਾਹੀਂ ਸਿੱਕਾ ਬਾਹਰ ਨਿਕਲ ਜਾਂਦਾ।
ਮਾਤਾ-ਪਿਤਾ ਬੱਚੇ ਨੂੰ ਘਰ ਵਾਪਸ ਲੈ ਗਏ। ਪੁਲਿਸ ਨੇ ਦਸਿਆ ਕਿ ਸ਼ਾਮ ਤਕ ਬੱਚੇ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਅਲੁਵਾ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਤਾ-ਪਿਤਾ ਨੂੰ ਸੌਂਪੀ ਜਾਵੇਗੀ। (ਏਜੰਸੀ)