ਉਨ੍ਹਾਂ ਕਿਹਾ ਕਿ ਨਫ਼ਰਤ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੇ ਪਾਏ ਜਾਣ ਵਾਲਿਆਂ ਖ਼ਿਲਾਫ਼ ਕਮੇਟੀ ਬਣਦੀ ਕਾਨੂੰਨੀ ਕਾਰਵਾਈ ਕਰੇਗੀ
ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਨੂਹ ਵਿਚ ਹਿੰਸਾ ਭੜਕਾਉਣ ਵਿਚ ਸੋਸ਼ਲ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਰਾਜ ਸਰਕਾਰ ਨੇ 21 ਜੁਲਾਈ ਤੋਂ ਬਾਅਦ ਸੋਸ਼ਲ ਮੀਡੀਆ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ|
ਵਿਜ ਦੇ ਹਵਾਲੇ ਨਾਲ ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ, “ਸੋਸ਼ਲ ਮੀਡੀਆ ਨੇ ਨੂਹ ਵਿਚ ਹਿੰਸਾ ਨੂੰ ਭੜਕਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਨੇ 21 ਜੁਲਾਈ ਅਤੇ ਉਸ ਤੋਂ ਬਾਅਦ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਟਵਿੱਟਰ, ਵਟਸਐਪ ਅਤੇ ਹੋਰਾਂ 'ਤੇ ਕਿਸੇ ਵੀ ਭੜਕਾਊ ਪੋਸਟਾਂ ਦੀ ਬਾਰੀਕੀ ਨਾਲ ਜਾਂਚ/ਸਕੈਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਫ਼ਰਤ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੇ ਪਾਏ ਜਾਣ ਵਾਲਿਆਂ ਖ਼ਿਲਾਫ਼ ਕਮੇਟੀ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਅਤੇ ਭੜਕਾਊ ਸਮੱਗਰੀ ਸਾਂਝੀ ਕਰਨ ਤੋਂ ਗੁਰੇਜ਼ ਕਰਨ।
ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਪੋਸਟ ਨੂੰ ਅੰਨ੍ਹੇਵਾਹ ਅੱਗੇ ਜਾਂ ਸ਼ੇਅਰ ਨਾ ਕਰਨ ਕਿਉਂਕਿ ਅਸੀਂ ਸੋਸ਼ਲ ਮੀਡੀਆ 'ਤੇ ਤਿੱਖੀ ਨਜ਼ਰ ਰੱਖ ਰਹੇ ਹਾਂ।
ਸੋਸ਼ਲ ਮੀਡੀਆ 'ਤੇ ਬਜਰੰਗ ਦਲ ਦੇ ਮੈਂਬਰ ਮੋਨੂੰ ਮਾਨੇਸਰ ਦਾ ਇਕ ਵੀਡੀਓ ਕਾਫੀ ਵਾਇਰਲ ਹੋਇਆ ਸੀ ਕਿ ਉਹ ਨੂਹ 'ਚ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ 'ਚ ਸ਼ਾਮਲ ਹੋਣਗੇ। ਮਾਨੇਸਰ 'ਤੇ ਰਾਜਸਥਾਨ ਪੁਲਿਸ ਨੇ ਫਰਵਰੀ ਵਿਚ ਦੋ ਮੁਸਲਿਮ ਵਿਅਕਤੀਆਂ ਦੀ ਹੱਤਿਆ ਦੇ ਸਬੰਧ ਵਿਚ ਮਾਮਲਾ ਦਰਜ ਕੀਤਾ ਸੀ ਅਤੇ ਉਸ 'ਤੇ ਨੂਹ ਹਿੰਸਾ ਨੂੰ ਭੜਕਾਉਣ ਦਾ ਦੋਸ਼ ਲਗਾਇਆ ਗਿਆ ਸੀ।
ਵਿਜ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿਤੀ ਜਾਵੇ, ਗੱਡੀਆਂ ਸਾੜ ਦਿਤੀਆਂ ਜਾਣ, ਗੋਲੀਆਂ ਚਲਾਈਆਂ ਜਾਣ।
ਉਨ੍ਹਾਂ ਕਿਹਾ ਕਿ ਜੇਕਰ ਮਾਨੇਸਰ ਦੀ ਮੌਜੂਦਾ ਮਾਮਲੇ ਵਿਚ ਕੋਈ ਭੂਮਿਕਾ ਰਹੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।