ਅਧਿਆਪਕਾ ਨੂੰ ਸਕੂਲ ਤੋਂ ਹਟਾ ਦਿਤਾ ਗਿਆ
MP News : ਮੱਧ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੰਦੌਰ ਦੇ ਇਕ ਸਰਕਾਰੀ ਸਕੂਲ ’ਚ ਮੋਬਾਈਲ ਫੋਨ ਦੀ ਘੰਟੀ ਵੱਜਣ ’ਤੇ ਇਕ ਅਧਿਆਪਕਾ ਵੱਲੋਂ ਵਿਦਿਆਰਥਣਾਂ ਦੇ ਕੱਪੜੇ ਉਤਾਰ ਕੇ ਤਲਾਸ਼ੀ ਲੈਣ ਦੀ ਪੁਲਿਸ ਤੇ ਪ੍ਰਸ਼ਾਸਨ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਇਸ ਦੌਰਾਨ ਅਧਿਆਪਕਾ ਨੂੰ ਸਕੂਲ ਤੋਂ ਹਟਾ ਦਿਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਸਰਕਾਰੀ ਸ਼ਾਰਦਾ ਗਰਲਜ਼ ਹਾਇਰ ਸੈਕੰਡਰੀ ਸਕੂਲ ’ਚ ਸ਼ੁਕਰਵਾਰ ਨੂੰ ਇਕ ਅਧਿਆਪਕਾ ਨੇ ਮੋਬਾਈਲ ਫੋਨ ਦੀ ਘੰਟੀ ਵੱਜਣ ਤੋਂ ਬਾਅਦ ਘੱਟੋ-ਘੱਟ 5 ਵਿਦਿਆਰਥਣਾਂ ਦੇ ਕੱਪੜੇ ਉਤਰਵਾਏ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਦੇ ਮਾਪਿਆਂ ਨੇ ਮਲਹਾਰਗੰਜ ਥਾਣੇ ’ਚ ਅਧਿਆਪਕ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਤਲਾਸ਼ੀ ਦੌਰਾਨ ਲੜਕੀਆਂ ਦੀ ਕੁੱਟਮਾਰ ਕੀਤੀ ਗਈ।
ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਸਿੰਘ ਨੇ ਦਸਿਆ ਕਿ ਤਲਾਸ਼ੀ ਦੇ ਨਾਂ ’ਤੇ ਵਿਦਿਆਰਥਣਾਂ ਨਾਲ ਬਦਸਲੂਕੀ ਕਰਨ ਦੇ ਦੋਸ਼ੀ ਅਧਿਆਪਕਾ ਨੂੰ ਸਰਕਾਰੀ ਸ਼ਾਰਦਾ ਗਰਲਜ਼ ਹਾਇਰ ਸੈਕੰਡਰੀ ਸਕੂਲ ਤੋਂ ਹਟਾ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਨਾਲ ਜੋੜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਪੁਲਿਸ ਆਲੋਕ ਕੁਮਾਰ ਸ਼ਰਮਾ ਨੇ ਦਸਿਆ ਕਿ ਸਹਾਇਕ ਪੁਲਿਸ ਕਮਿਸ਼ਨਰ ਸਰਕਾਰੀ ਸਕੂਲ ਦੇ ਅਧਿਆਪਕ ਵਿਰੁਧ ਵਿਦਿਆਰਥਣਾਂ ਦੇ ਮਾਪਿਆਂ ਦੀ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਪੁਲਿਸ ਪੀੜਤਾਂ ਦੇ ਬਿਆਨ ਦਰਜ ਕਰੇਗੀ।