
ਸ਼ਹੀਦ ਰਾਜੇਸ਼ ਕੁਮਾਰ ਦਾ ਸਰਕਾਰੀ ਤੇ ਫ਼ੌਜੀ ਸਨਮਾਨਾਂ ਨਾਲ ਅੰਤਮ ਸਸਕਾਰ
ਗੜ੍ਹਦੀਵਾਲਾ, 3 ਸਤੰਬਰ (ਹਰਪਾਲ ਸਿੰਘ): ਬੀਤੇ ਦਿਨ ਕੰਟਰੋਲ ਰੇਖਾ ਉਤੇ ਜੰਮੂ ਕਸ਼ਮੀਰ ਦੇ ਰਾਜੌਰੀ ਵਿਚ ਪਾਕਿ ਵਲੋਂ ਗੋਲੀਬਾਰੀ ਦੀ ਉਲੰਘਣਾ ਕਰ ਕੇ ਕੀਤੀ ਫ਼ਾਇਰਿੰਗ ਵਿਚ ਸ਼ਹੀਦ ਹੋਏ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਜੇਸੀਓ ਸੂਬੇਦਾਰ ਰਜੇਸ਼ ਕੁਮਾਰ ਦੀ ਮ੍ਰਿਤਕ ਦੇਹ ਅੱਜ ਪਿੰਡ ਪੁੱਜਣ ਉਤੇ ਉਸ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਤੇ ਸੈਨਿਕ ਸਨਮਾਨਾਂ ਨਾਲ ਕਰ ਦਿਤਾ ਗਿਆ। ਸ਼ਹੀਦ ਦੇ 11 ਸਾਲਾ ਪੁੱਤਰ ਵਲੋਂ ਸ਼ਹੀਦ ਦੀ ਚਿਤਾ ਨੂੰ ਅਗਨੀ ਭੇਂਟ ਕੀਤੀ ਗਈ। ਸ਼ਹੀਦ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਗੱਡੀ ਵਿਚ ਤਿਰੰਗਾ ਲਿਪਟੇ ਤਾਬੂਤ ਵਿਚ ਲਿਆਂਦੀ ਗਈ। ਸ਼ਹੀਦ ਦੇ ਸਸਕਾਰ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਉਤੇ ਰੱਖਿਆ ਜਾਵੇ ਤੇ ਸੜਕ ਉਤੇ ਯਾਦਗਾਰੀ ਗੇਟ ਸਥਾਪਤ ਕੀਤਾ ਜਾਵੇ। ਸ਼ਹੀਦ ਦੀ ਧੀ ਵਲੋਂ ਪਰਵਾਰ ਦੀ ਆਰਥਕ ਮਦਦ ਲਈ ਗੈਸ ਏਜੰਸੀ ਜਾਂ ਪਟਰੌਲ ਪੰਪ ਦੇਣ ਦੀ ਮੰਗ ਵੀ ਕੀਤੀ ਗਈ।
ਦਸਣਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਕਲੀਚਪੁਰ ਕਲੋਤਾ ਦਾ ਭਾਰਤੀ ਫ਼ੌਜ ਦੀ 60 ਆਰ.ਟੀ. ਬਟਾਲੀਅਨ ਦਾ ਕਰੀਬ 41 ਸਾਲਾ ਸੂਬੇਦਾਰ ਰਾਜੇਸ਼ ਕੁਮਾਰ ਬੀਤੇ ਦਿਨ ਸਵੇਰੇ ਕਰੀਬ ਸਾਢੇ 3 ਵਜੇ ਪਾਕਿਸਤਾਨੀ ਫ਼ੌਜ ਦੀ ਗੋਲਾਬਾਰੀ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਮੌਕੇ ਉਤੇ ਹੀ ਦਮ ਤੋੜ ਦਿਤਾ ਸੀ,ਜਿਸ ਦਾ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਕਰ ਦਿਤਾ ਗਿਆ ਹੈ। ਅੱਜ ਦੁਪਿਹਰੇ ਸ਼ਹੀਦ ਦੀ ਮ੍ਰਿਤਕ ਦੇਹ ਜੰਮੂ ਤੋਂ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਅਗਵਾਈ ਵਾਲੀ ਫ਼ੌਜੀ ਟੁਕੜੀ ਪਿੰਡ ਪੁੱਜੀ, ਜਿਸ ਦੇ ਅੱਗੇ ਰਾਜੇਸ਼ ਕੁਮਾਰ ਦੀਆਂ ਫੋਟੋਆਂ ਹੱਥਾਂ ਵਿੱਚ ਲਈ ਪਿੰਡ ਦੇ ਨੌਜਵਾਨ ਭਾਰਤੀ ਫ਼ੌਜ ਪੱਖੀ ਅਤੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਉਂਦੇ ਹੋਏ ਘਰ ਪੁੱਜੇ। ਪਰਵਾਰਕ ਰਸਮਾਂ ਪੂਰੀਆਂ ਕਰਨ ਉਪਰੰਤ ਸ਼ਹੀਦ ਦੀ ਮ੍ਰਿਤਕ ਦੇਹ ਸ਼ਮਸ਼ਾਨਘਾਟ ਵਿਖੇ ਲਿਆਂਦੀ ਗਈ, ਜਿੱਥੇ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਕੌਂਡਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ, ਐਸਐਸਪੀ ਨਵਜੋਤ ਮਾਹਲ, ਉੱਚੀ ਬੱਸੀ ਆਰਡੀਨੈਂਸ ਦੇ ਕੈਪਟਨ ਗੁੰਜਨ ਠਾਕੁਰ, ਐਸਡੀਐਮ ਅਸ਼ੋਕ ਕੁਮਾਰ, ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ, ਜੰਗੀ ਲਾਲ ਮਹਾਜ਼ਨ ਸਮੇਤ ਪੁਲਿਸ ਤੇ ਪ੍ਰਸਾਸਨਿਕ ਅਧਿਕਾਰੀਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸ਼ਹੀਦ ਨੂੰ ਸਲਾਮੀ ਗੋਰਖਾ ਰੈਜਮੈਂਟ ਦੇ ਨਾਇਬ ਸੂਬੇਦਾਰ ਰਮੇਸ਼ ਥਾਪਾ ਦੀ ਅਗਵਾਈ ਵਾਲੀ ਟੁਕੜੀ ਵਲੋਂ ਦਿਤੀ ਗਈ। ਇਸ ਮੌਕੇ ਤਹਿਸੀਲਦਾਰ ਜਗਤਾਰ ਸਿੰਘ, ਡੀਐਸਪੀ ਮੁਕੇਰੀਆਂ ਰਵਿੰਦਰ ਸਿੰਘ, ਮਨਮੋਹਨ ਸ਼ਰਮਾ, ਸੰਦੀਪ ਟਿੰਮਾ, ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ, ਸੁਲੱਖਣ ਸਿੰਘ ਜੱਗੀ, ਤਰਸੇਮ ਮਿਨਹਾਸ, ਹਰਬੰਸ ਸਿੰਘ ਮੰਝਪੁਰ, ਮਾਸਟਰ ਅਮਰਜੀਤ ਸਿੰਘ, ਈਸ਼ਰ ਸਿੰਘ ਮੰਝਪੁਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।