
ਬੱਚੇ ਦੀ ਮੌਤ ਕਾਰਨ ਮਾਂ 'ਤੇ ਪੈ ਰਹੇ ਭਾਵਨਾਤਮਕ ਪ੍ਰਭਾਵਾਂ ਦੇ ਮੱਦੇਨਜ਼ਰ ਲਿਆ ਗਿਆ ਇਹ ਫ਼ੈਸਲਾ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਹਿਲਾ ਕਰਮਚਾਰੀਆਂ ਦੇ ਹੱਕ ’ਚ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਅਨੁਸਾਰ, ਕੇਂਦਰ ਸਰਕਾਰ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਜਨਮ ਦੇ ਸਮੇਂ ਜਾਂ ਉਸ ਤੋਂ ਤੁਰੰਤ ਬਾਅਦ ਬੱਚੇ ਦੀ ਮੌਤ ਹੋਣ ਦੀ ਸਥਿਤੀ ਵਿਚ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦੀ ਹੱਕਦਾਰ ਹੋਵੇਗੀ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਜਨਮ ਤੋਂ ਤੁਰੰਤ ਬਾਅਦ ਬੱਚੇ ਦੀ ਮੌਤ ਨਾਲ ਹੋਣ ਵਾਲੇ ਭਾਵਨਾਤਮਕ ਸਦਮੇ ਦਾ ਮਾਂ ਦੇ ਜੀਵਨ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਡੀਓਪੀਟੀ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਹਵਾਲੇ ਅਤੇ ਸਵਾਲ ਮਿਲੇ ਹਨ, ਇਸ ਮਾਮਲੇ 'ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੈ। ਬੱਚੇ ਦੀ ਮੌਤ ਨਾਲ ਹੋਣ ਵਾਲੇ ਭਾਵਨਾਤਮਕ ਸਦਮੇ ਦੇ ਮੱਦੇਨਜ਼ਰ ਹੁਣ ਅਜਿਹੇ ਮਾਮਲੇ ਵਿਚ ਕੇਂਦਰ ਦੀ ਮਹਿਲਾ ਕਰਮਚਾਰੀ ਨੂੰ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਇੱਕ ਮਹਿਲਾ ਕਰਮਚਾਰੀ ਦੁਆਰਾ ਜਣੇਪਾ ਛੁੱਟੀ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਅਤੇ ਬੱਚੇ ਦੇ ਜਨਮ ਤੋਂ ਬਾਅਦ ਮੌਤ ਦੇ ਸਮੇਂ ਵੀ ਉਸਦੀ ਛੁੱਟੀ ਜਾਰੀ ਰਹਿੰਦੀ ਹੈ, ਤਾਂ ਪਹਿਲਾਂ ਤੋਂ ਪ੍ਰਾਪਤ ਜਣੇਪਾ ਛੁੱਟੀ ਨੂੰ ਮੈਡੀਕਲ ਸਰਟੀਫਿਕੇਟ ਤੋਂ ਬਿਨ੍ਹਾਂ ਵਧਾਇਆ ਜਾਵੇਗਾ ਅਤੇ ਬੱਚੇ ਦੀ ਮੌਤ ਤੋਂ ਬਾਅਦ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦਿੱਤੀ ਜਾਵੇਗੀ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗੈਰ-ਸੂਚੀਬੱਧ ਪ੍ਰਾਈਵੇਟ ਹਸਪਤਾਲ ਵਿਚ ਐਮਰਜੈਂਸੀ ਡਿਲੀਵਰੀ ਦੇ ਮਾਮਲੇ ਵਿਚ ਐਮਰਜੈਂਸੀ ਸਰਟੀਫਿਕੇਟ ਦੇਣਾ ਲਾਜ਼ਮੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਿੱਥੇ ਵੀ ਪਿਛਲੇ ਕੇਸਾਂ ਨੂੰ ਸਬੰਧਤ ਮੰਤਰਾਲਿਆਂ ਜਾਂ ਵਿਭਾਗਾਂ ਵਿਚ ਨਜਿੱਠਿਆ ਗਿਆ ਹੈ, ਉਨ੍ਹਾਂ ਨੂੰ ਦੁਬਾਰਾ ਖੋਲ੍ਹਣ ਦੀ ਲੋੜ ਨਹੀਂ ਹੈ।