
ਸੀ.ਸੀ.ਟੀ.ਵੀ. ਡਿਜੀਟਲ ਵੀਡੀਓ ਰਿਕਾਰਡਰ ਵੀ ਲੈ ਗਏ ਲੁਟੇਰੇ
ਜੈਪੁਰ: ਸਥਾਨਕ ਕਰਨੀ ਵਿਹਾਰ ਥਾਣਾ ਖੇਤਰ ਵਿੱਚ ਸ਼ਨੀਵਾਰ ਮਿਤੀ 3 ਸਤੰਬਰ ਨੂੰ ਦੋ ਅਣਪਛਾਤੇ ਬਦਮਾਸ਼ਾਂ ਨੇ ਇੱਕ ਲੱਕੜ ਦੇ ਸ਼ੋਅਰੂਮ ਤੋਂ ਕਥਿਤ ਤੌਰ 'ਤੇ 15 ਲੱਖ ਰੁਪਏ ਦੀ ਨਕਦੀ ਲੁੱਟ ਲਈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਸ਼ੋਅਰੂਮ ਦੇ ਦੋ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਕੇ 15.48 ਲੱਖ ਰੁਪਏ ਦੀ ਨਕਦੀ ਲੁੱਟ ਲਈ। ਲੁੱਟ ਕਰਨ ਵਾਲੇ ਬਦਮਾਸ਼ ਸ਼ੋਅਰੂਮ ਦੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡਿਜੀਟਲ ਵੀਡੀਓ ਰਿਕਾਰਡਰ ਵੀ ਨਾਲ ਲੈ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁੱਟ ਦੀ ਘਟਨਾ ਕਰਨੀ ਵਿਹਾਰ ਇਲਾਕੇ 'ਚ ਐਕਸਪ੍ਰੈੱਸ ਹਾਈਵੇਅ ਨੇੜੇ ਹੋਈ, ਜਿੱਥੇ ਦੋ ਬਦਮਾਸ਼ ਮੋਟਰਸਾਈਕਲ 'ਤੇ ਆਏ ਅਤੇ ਸ਼ੋਅਰੂਮ 'ਚ ਦਾਖਲ ਹੋ ਗਏ। ਉਨ੍ਹਾਂ ਬੰਦੂਕ ਦੀ ਨੋਕ 'ਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਨਕਦੀ ਲੁੱਟ ਲਈ। ਮੁਲਜ਼ਮਾਂ ਦੀ ਪਛਾਣ ਵਾਸਤੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਾਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ।