
2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਪਾਲਘਰ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਕੁੱਝ ਦਿਨ ਪਹਿਲਾਂ ਸੜਕ ਕਿਨਾਰੇ ਪਏ ਸੂਟਕੇਸ ਵਿੱਚੋਂ ਇੱਕ ਨਾਬਾਲਗ ਲੜਕੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਇੱਕ ਹਫ਼ਤੇ ਬਾਅਦ ਇਸ ਮਾਮਲੇ ਵਿਚ ਗੁਜਰਾਤ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਈਗਾਂਵ ਵਿਚ 26 ਅਗਸਤ ਨੂੰ ਝਾੜੀਆਂ ਵਿੱਚੋਂ ਇੱਕ ਸੂਟਕੇਸ ਮਿਲਿਆ ਸੀ ਜਿਸ ਵਿਚ ਕੰਬਲ ਵਿਚ ਲਪੇਟੀ ਹੋਈ ਇੱਕ ਨਾਬਾਲਗ ਲੜਕੀ ਦੀ ਲਾਸ਼ ਮਿਲੀ ਸੀ। ਜਾਂਚ ਦੌਰਾਨ ਇਸ ਦੇ ਨਾਲ ਹੀ ਜਾਂਚ ਤੋਂ ਬਾਅਦ ਮਿਲੀ ਲਾਸ਼ ਤੋਂ ਲਾਪਤਾ ਲੜਕੀ ਦੀ ਪਛਾਣ ਕੀਤੀ ਗਈ। ਉਕਤ ਲਾਸ਼ ਅੰਧੇਰੀ, ਮੁੰਬਈ ਦੀ ਰਹਿਣ ਵਾਲੀ 14 ਸਾਲਾ ਲੜਕੀ ਵੰਸ਼ਿਤਾ ਦੀ ਹੈ, ਜਿਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਹੋਏ ਜ਼ਖ਼ਮਾਂ ਦੇ ਕਈ ਨਿਸ਼ਾਨ ਸਨ।
ਪੁਲਿਸ ਨੇ ਦੱਸਿਆ ਕਿ ਵੰਸ਼ਿਤਾ ਆਪਣੇ ਘਰ ਤੋਂ ਸਕੂਲ ਲਈ ਨਿਕਲੀ ਸੀ ਅਤੇ ਸ਼ਾਮ ਤੱਕ ਘਰ ਨਹੀਂ ਪਰਤੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਸ ਦੇ ਨਾਬਾਲਗ ਹੋਣ ਕਾਰਨ ਅਗਵਾ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਅੰਧੇਰੀ ਤੋਂ ਨਾਈਗਾਂਵ ਸਟੇਸ਼ਨ ਤੱਕ ਪੁਲਿਸ ਨੇ ਰੇਲਵੇ ਸਟੇਸ਼ਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ।
ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਦੀ ਉਮਰ ਲਗਭਗ 21 ਸਾਲ ਹੈ। ਦੋਵਾਂ ਦੋਸ਼ੀਆਂ ਨੂੰ ਗੁਜਰਾਤ ਦੇ ਪਾਲਨਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਰ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਕੀਤੀ ਜਾ ਰਹੀ ਹੈ।