
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੰਜੀਨੀਅਰਾਂ ਦੀ ਕਾਰਜਪ੍ਰਣਾਨੀ ’ਤੇ ਉਠਾਏ ਸਵਾਲ
ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ਪ੍ਰਦੇਸ਼ ਵਿੱਚ ਬਣੇ ਮਨਾਲੀ-ਕੁੱਲੂ ਚਾਰ-ਮਾਰਗੀ ਦੇ ਬਹਾਨੇ ਇੰਜੀਨੀਅਰਾਂ ਦੇ ਕੰਮਕਾਜ ’ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਦਿੱਲੀ ਵਿਖੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ 3500 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਚਾਰ-ਮਾਰਗੀ ਬਾਰਿਸ਼ਾਂ ਵਿੱਚ ਪੂਰੀ ਤਰ੍ਹਾਂ ਢਹਿ ਗਿਆ ਹੈ। ਇੰਜੀਨੀਅਰਾਂ ਲਈ ‘ਦੋਸ਼ੀ’ ਸ਼ਬਦ ਦੀ ਵਰਤੋਂ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਬਣਾਉਣ ਵਾਲੇ ਅਧਿਕਾਰੀ ਇਸ ਲਈ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਬਹੁਤ ਸਾਰੇ ਅਧਿਕਾਰੀ ਸੇਵਾਮੁਕਤੀ ਤੋਂ ਬਾਅਦ ਆਪਣੀਆਂ ਕੰਪਨੀਆਂ ਬਣਾਉਂਦੇ ਹਨ। ਇਹ ਲੋਕ ਗੂਗਲ ਹੋਮ ’ਤੇ ਬੈਠ ਕੇ ਡੀਪੀਆਰ ਬਣਾਉਂਦੇ ਹਨ ਫੀਲਡ ਵਿੱਚ ਜਾ ਕੇ ਕੋਈ ਅਧਿਐਨ ਨਹੀਂ ਕਰਦੇ। ਉਨ੍ਹਾਂ ਕਿਹਾ ਹਰ ਸਾਲ ਮੀਂਹ ਵਿੱਚ ਸੜਕਾਂ ਟੁੱਟ ਰਹੀਆਂ ਹੈ। ਇੱਥੇ ਪਹਾੜ ਹਨ, ਉੱਥੇ ਪਹਾੜ ਹਨ, ਵਿਚਕਾਰ ਨਦੀ ਹੈ ਅਤੇ ਲੋਕ ਨਦੀ ਦੇ ਕੰਢਿਆਂ ’ਤੇ ਵਸੇ ਹੋਏ ਹਨ। ਹਰ ਸਾਲ ਮੀਂਹ ਵਿੱਚ ਜ਼ਮੀਨ ਖਿਸਕਦੀ ਹੈ ਅਤੇ ਹਰ ਸਾਲ ਲੋਕ ਮਾਰੇ ਜਾਂਦੇ ਹਨ।
ਇਸ ਦਾ ਹੁਣ ਤੱਕ ਕੋਈ ਸਥਾਈ ਹੱਲ ਨਹੀਂ ਲੱਭਿਆ ਜਾ ਰਿਹਾ ਹੈ। ਗਡਕਰੀ ਨੇ ਕਿਹਾ ਬਹੁਤ ਸਾਰੇ ਡੀਪੀਆਰ ਬਿਨਾਂ ਅਧਿਐਨ ਦੇ ਬਣਾਏ ਜਾਂਦੇ ਹਨ ਅਤੇ ਸਾਡੇ ਸਰਕਾਰੀ ਅਧਿਕਾਰੀ ਵੀ ਅੰਨ੍ਹੇ ਵਾਂਗ ਹਨ। ਕਿਉਂਕਿ ਉਹ ਤੁਰੰਤ ਅਜਿਹੇ ਡੀਪੀਆਰ ’ਤੇ ਟੈਂਡਰ ਜਾਰੀ ਕਰਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਕਹਿਣ ’ਤੇ ਟੈਂਡਰ ਵਿੱਚ ਤਕਨੀਕੀ ਅਤੇ ਵਿੱਤੀ ਯੋਗਤਾਵਾਂ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਪ੍ਰੋਗਰਾਮ ਵਿੱਚ ਮੌਜੂਦ ਇੰਜੀਨੀਅਰਾਂ ਨੂੰ ਅਪੀਲ ਕੀਤੀ ਕਿ ਡੀਪੀਆਰ ਵਧੀਆ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਪਹਾੜਾਂ ਵਿੱਚ ਲੋਕਾਂ ਦੀ ਜਾਨ ਨਾਲ ਖੇਡਣ ਤੋਂ ਬਚਣ ਲਈ ਸੁਰੰਗ ਬਣਾਉਣ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਹਿਮਾਚਲ ਵਿੱਚ ਚੰਡੀਗੜ੍ਹ-ਮਨਾਲੀ ਚਾਰ-ਮਾਰਗੀ ਬਣਾਇਆ ਗਿਆ ਹੈ, ਹਰ ਸਾਲ ਹੋਰ ਤਬਾਹੀ ਹੋ ਰਹੀ ਹੈ। ਚਾਰ-ਮਾਰਗੀ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਪਹਿਲਾਂ ਹੀ ਬਿਆਸ ਵਿੱਚ ਰਲ ਜਾਂਦੀ ਹੈ। ਰਾਜ ਵਿੱਚ ਹੋਰ ਚਾਰ-ਮਾਰਗੀ ਅਤੇ ਐਨਐਚ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਲੈ ਕੇ ਐਨ.ਐਚ.ਏ.ਆਈ. ਦੇ ਕੰਮਕਾਜ ’ਤੇ ਵਾਰ-ਵਾਰ ਸਵਾਲ ਉਠਾਏ ਜਾ ਰਹੇ ਹਨ। ਹਿਮਾਚਲ ਦੇ ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਸੜਕ ਪ੍ਰੋਜੈਕਟਾਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਘਰ ਖ਼ਤਰੇ ਵਿੱਚ ਆ ਗਏ ਹਨ। ਇਸ ਕਾਰਨ ਰਾਜ ਦੇ ਪੰਚਾਇਤੀ ਰਾਜ ਮੰਤਰੀ ਅਨਿਰੁੱਧ ਸਿੰਘ ਨੇ ਵੀ ਐਨ.ਐਚ.ਏ.ਆਈ. ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।