
ਗਲਵਾਨ ਦੇ ਸ਼ਹੀਦਾਂ ਦੀ ਯਾਦ 'ਚ ਬਣਿਆ 'ਵਾਰ ਮੈਮੋਰੀਅਲ'
ਨਵੀਂ ਦਿੱਲੀ, 3 ਅਕਤੂਬਰ : ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ 'ਚ 15 ਜੂਨ ਦੀ ਰਾਤ ਚੀਨੀ ਫ਼ੌਜੀਆਂ ਨਾਲ ਹੋਈ ਝੜਪ 'ਚ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਦੀ ਯਾਦ 'ਚ ਯੁੱਧ ਸਮਾਰਕ ਬਣਾਇਆ ਗਿਆ ਹੈ, ਇਹ ਫ਼ੌਜੀ ਹਮੇਸ਼ਾ ਲਈ ਅਮਰ ਹੋ ਗਏ ਹਨ।
ਪੂਰਬੀ ਲੱਦਾਖ਼ 'ਚ ਸ਼ਹੀਦ ਹੋਏ ਯੋਧਿਆਂ ਲਈ ਬਣਾਏ ਯੁੱਧ ਸਮਾਰਕ 'ਚ ਸ਼ਹੀਦ ਹੋਏ 20 ਜਵਾਨਾਂ ਦੇ ਨਾਂ ਲਿਖੇ ਗਏ ਹਨ। ਇਹ ਸਮਾਰਕ ਕੇ.ਐਮ.-120 ਪੋਸਟ ਕੋਲ ਯੂਨਿਟ ਲੇਵਲ 'ਤੇ ਬਣਾਇਆ ਗਿਆ ਹੈ। ਇਹ ਲੱਦਾਖ਼ ਦੇ ਦੁਰਬੁਕ-ਸ਼ਯੋਕ-ਦੌਲਤ ਬੇਗ ਓਲਡੀ ਦੀ ਸਟ੍ਰੇਟਿਜਿਕ ਰੋਡ 'ਤੇ ਸਥਿਤ ਹੈ। ਪਿਛਲੇ 5 ਦਹਾਕਿਆਂ 'ਚ ਹੋਏ ਸਭ ਤੋਂ ਵੱਡੇ ਫ਼ੌਜ ਟਕਰਾਅ 'ਚ 15 ਜੂਨ ਦੀ ਰਾਤ ਗਲਵਾਨ ਘਾਟੀ 'ਚ ਚੀਨੀ ਅਤੇ ਭਾਰਤੀ ਫ਼ੌਜੀਆਂ ਦਰਮਿਆਨ ਹਿੰਸਕ ਝੜਪ ਹੋਈ ਸੀ। ਝੜਪ 'ਚ 16ਵੀਂ ਬਿਹਾਰ ਰੈਜੀਮੈਂਟ ਦੇ ਫ਼ੌਜੀ ਸ਼ਹੀਦ ਹੋ ਗਏ ਸਨ।
ਇਸ ਘਟਨਾ ਤੋਂ ਬਾਅਦ ਪੂਰਬੀ ਲੱਦਾਖ਼ 'ਚ ਸਰਹੱਦ 'ਤੇ ਤਣਾਅ ਵਧ ਗਿਆ ਅਤੇ ਭਾਰਤ ਨੇ ਇਸ ਨੂੰ ਚੀਨ ਵਲੋਂ ਸੋਚੀ-ਸਮਝੀ ਅਤੇ ਯੋਜਨਾਬਧ ਕਾਰਵਾਈ ਦਸਿਆ ਸੀ। ਗਲਵਾਨ ਘਾਟੀ 'ਚ ਪੈਟਰੋਲਿੰਗ ਪੁਆਇੰਟ 14 ਕੋਲ ਚੀਨ ਵਲੋਂ ਨਿਗਰਾਨੀ ਚੌਕੀ ਬਣਾਏ ਜਾਣ 'ਤੇ ਵਿਰੋਧ ਤੋਂ ਬਾਅਦ ਚੀਨੀ ਫ਼ੌਜੀਆਂ ਨੇ ਪੱਥਰਾਂ, ਨੁਕੀਲੇ ਹਥਿਆਰਾਂ, ਲੋਹੇ ਦੀਆਂ ਛੜਾਂ ਆਦਿ ਨਾਲ ਭਾਰਤੀ ਫ਼ੌਜੀਆਂ 'ਤੇ ਹਮਲਾ ਕੀਤਾ। (ਏਜੰਸੀ)