ਸੈਸ਼ਨ ਅਦਾਲਤ ਨੇ ਅਗਲੀ ਸੁਣਵਾਈ 18 ਅਕਤੂਬਰ ਤਕ ਰਾਹਤ ਦਿਤੀ
ਨੂਹ (ਹਰਿਆਣਾ): ਹਰਿਆਣਾ ਦੇ ਨੂਹ ਵਿਚ 31 ਜੁਲਾਈ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਪਿਛਲੇ ਮਹੀਨੇ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਮਮਨ ਖਾਨ ਨੂੰ ਮੰਗਲਵਾਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਇਥੋਂ ਦੀ ਇਕ ਅਦਾਲਤ ਨੇ ਖਾਨ ਨੂੰ ਦੋ ਮਾਮਲਿਆਂ ਵਿਚ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਸੈਸ਼ਨ ਅਦਾਲਤ ਨੇ ਉਨ੍ਹਾਂ ਨੂੰ ਅਗਲੀ ਸੁਣਵਾਈ 18 ਅਕਤੂਬਰ ਤਕ ਰਾਹਤ ਦਿਤੀ ਹੈ।
ਵਿਧਾਇਕ ਨੂੰ ਸ਼ਨਿਚਰਵਾਰ ਨੂੰ ਇੱਥੇ ਇਕ ਹੋਰ ਅਦਾਲਤ ਨੇ ਖਾਨ ਵਿਰੁਧ ਦਰਜ ਚਾਰ ਐਫ.ਆਈ.ਆਰ. ’ਚੋਂ ਦੋ ਵਿਚ ਜ਼ਮਾਨਤ ਦੇ ਦਿਤੀ ਸੀ, ਪਰ ਉਹ ਜੇਲ੍ਹ ’ਚ ਹੀ ਰਹੇ ਕਿਉਂਕਿ ਹੋਰ ਦੋ ਮਾਮਲਿਆਂ ’ਚ ਸੁਣਵਾਈ 3 ਅਕਤੂਬਰ ਨੂੰ ਹੋਣੀ ਸੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਜੇ ਸ਼ਰਮਾ ਦੀ ਅਦਾਲਤ ਨੇ ਮੰਗਲਵਾਰ ਨੂੰ ਖਾਨ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ। ਮਾਮਨ ਖਾਨ ਦੇ ਵਕੀਲ ਦੇਵਲਾ ਨੇ ਕਿਹਾ, ‘‘ਅਦਾਲਤ ਨੇ ਉਸ ਨੂੰ ਨਗੀਨਾ ਥਾਣੇ ’ਚ ਦਰਜ ਐਫ.ਆਈ.ਆਰ. ਨੰਬਰ 137 ਅਤੇ 148 ਦੇ ਦੋ ਲੰਬਿਤ ਮਾਮਲਿਆਂ ’ਚ 18 ਅਕਤੂਬਰ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਹੈ।’’
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਫ਼ਿਰੋਜ਼ਪੁਰ ਝਿਰਕਾ ਤੋਂ ਵਿਧਾਇਕ ਖਾਨ ’ਤੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਭੜਕਾਉਣ ਦਾ ਦੋਸ਼ ਹੈ। ਖਾਨ ਨੂੰ 15 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੇਵਲਾ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਦਾਅਵਾ ਕੀਤਾ ਹੈ ਕਿ ਵਿਧਾਇਕ ਦੇ ਮੋਬਾਈਲ ਫੋਨ ਤੋਂ ਕੁਝ ਡੇਟਾ ਮਿਟਾਇਆ ਗਿਆ ਸੀ ਅਤੇ ਡੇਟਾ ਨੂੰ ਮੁੜ ਪ੍ਰਾਪਤ ਕਰਨ ਲਈ ਡਿਵਾਈਸ ਨੂੰ ਲੈਬਾਰਟਰੀ ’ਚ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ, ‘‘ਇਸ ਲਈ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ। ਅਸੀਂ ਜ਼ਮਾਨਤ ਬਾਂਡ ਭਰ ਰਹੇ ਹਾਂ ਅਤੇ ਮਾਮਨ ਖਾਨ ਜਲਦੀ ਹੀ ਜੇਲ੍ਹ ਤੋਂ ਰਿਹਾਅ ਹੋ ਜਾਣਗੇ।’’ 31 ਜੁਲਾਈ ਨੂੰ ਨੂਹ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੀ ਅਗਵਾਈ ’ਚ ਇਕ ਜਲੂਸ ਉੱਤੇ ਭੀੜ ਨੇ ਹਮਲਾ ਕੀਤਾ ਸੀ। ਹਿੰਸਾ ’ਚ ਛੇ ਲੋਕ ਮਾਰੇ ਗਏ ਸਨ। ਬਾਅਦ ’ਚ ਗੁਰੂਗ੍ਰਾਮ ’ਚ ਇਕ ਮਸਜਿਦ ਉੱਤੇ ਹੋਏ ਹਮਲੇ ’ਚ ’ਕ ਇਮਾਮ ਦੀ ਮੌਤ ਹੋ ਗਈ ਸੀ।
ਕਾਂਗਰਸ ਦੀ ਹਰਿਆਣਾ ਇਕਾਈ ਨੇ ਦੋਸ਼ ਲਾਇਆ ਸੀ ਕਿ ਉਸ ਦੇ ਵਿਧਾਇਕ ਮਾਮਨ ਖਾਨ ਦੀ ਗ੍ਰਿਫਤਾਰੀ ‘ਸਿਆਸੀ ਤੌਰ’ ਤੋਂ ਪ੍ਰੇਰਿਤ ਹੈ। ਕਾਂਗਰਸ ਨੇ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ 31 ਜੁਲਾਈ ਦੀ ਨੂਹ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।