
ਭੂਚਾਲ ਦੇ ਕੇਂਦਰ ਨੇਪਾਲ ’ਚ 25 ਮਿੰਟਾਂ ਦੇ ਫ਼ਰਕ ’ਤੇ ਭੂਚਾਲ ਦੇ ਦੋ ਝਟਕੇ ਆਏ
ਨਵੀਂ ਦਿੱਲੀ: ਨੇਪਾਲ ’ਚ ਆਏ ਭੂਚਾਲ ਕਾਰਨ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਮੰਲਗਵਾਰ ਨੂੰ ਇਹ ਜਾਣਕਾਰੀ ਦਿਤੀ।
ਨੇਪਾਲ ’ਚ 25 ਮਿੰਟਾਂ ਦੇ ਫ਼ਰਕ ’ਤੇ 4.6 ਅਤੇ 6.2 ਤੀਬਰਤਾ ਦੇ ਦੋ ਝਟਕੇ ਆਏ। ਇਕ ਅਧਿਕਾਰੀ ਨੇ ਕਿਹਾ ਕਿ 4.6 ਤੀਬਰਤਾ ਦਾ ਪਹਿਲਾ ਭੂਚਾਲ ਦਾ ਝਟਕਾ ਦੁਪਹਿਰ 2:25 ਵਜੇ ਨੇਪਾਲ ’ਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਚ ਆਇਆ। ਇਸ ਤੋਂ ਬਾਅਦ 2:51 ਵਜੇ ਹਿਮਾਲਿਆਈ ਦੇਸ਼ ’ਚ ਫਿਰ ਤੇਜ਼ ਭੂਚਾਲ ਦਾ ਝਟਕਾ ਆਇਆ, ਜਿਸ ਦੀ ਤੀਬਰਤਾ ਰਿਕਟਰ ਸਕੇਲ ’ਤੇ 6.2 ਮਾਪੀ ਗਈ।
ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ’ਚ ਵੀ ਲੋਕਾਂ ਨੇ ਦੂਜੇ ਭੂਚਾਲ ਤੋਂ ਬਾਅਦ ਤੇਜ਼ ਝਟਕੇ ਮਹਿਸੂਸ ਕੀਤੇ ਅਤੇ ਅਪਣੇ ਦਫ਼ਤਰਾਂ ਤੇ ਉੱਚੀਆਂ ਇਮਾਰਤਾਂ ਤੋਂ ਬਾਹਰ ਨਿਕਲ ਆਏ। ਦਿੱਲੀ ਪੁਲਿਸ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।
ਦਿੱਲੀ ਪੁਲਿਸ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਕਿਰਪਾ ਕਰ ਕੇ ਅਪਣੀਆਂ ਇਮਾਰਤਾਂ ਤੋਂ ਬਾਹਰ ਆਉ ਅਤੇ ਸੁਰੱਖਿਅਤ ਥਾਂ ’ਤੇ ਚਲੇ ਜਾਉ, ਪਰ ਘਬਰਾਓ ਨਾ। ਲਿਫਟ ਦੀ ਵਰਤੋਂ ਨਾ ਕਰੋ। ਕਿਸੇ ਵੀ ਐਮਰਜੈਂਸੀ ਮਦਦ ਲਈ 112 ’ਤੇ ਕਾਲ ਕਰੋ।’’
ਚੰਡੀਗੜ੍ਹ ਅਤੇ ਜੈਪੁਰ ਸਮੇਤ ਉੱਤਰੀ ਭਾਰਤ ਦੇ ਹੋਰ ਹਿੱਸਿਆਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੈਪੁਰ ਦੇ ਪੁਲਿਸ ਕੰਟਰੋਲ ਰੂਮ ਨੇ ਕਿਹਾ ਕਿ ਅਜੇ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰੀਪੋਰਟ ਨਹੀਂ ਹੈ।